ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ
Saturday, Jan 31, 2026 - 11:37 AM (IST)
ਨਥਾਣਾ (ਬੱਜੋਆਣੀਆਂ) : ਨਥਾਣਾ ਬਲਾਕ ਦੇ ਪਿੰਡ ਢੇਲਵਾਂ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਬੇਟੇ ਮੇਵਾ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਰੌਸ਼ਨ ਸਿੰਘ ਵਾਸੀ ਬੀਬੀਵਾਲਾ ਉਮਰ ਕਰੀਬ (30) ਨੇ ਥਾਣਾ ਨਥਾਣਾ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਹ ਮੋਟਰਸਾਈਕਲਾਂ ’ਤੇ ਪਿੰਡ ਬੁਰਜ ਥਰੋੜ ਗਏ ਸਨ। ਜਦੋਂ ਉਹ ਮੋਟਰਸਾਈਕਲਾਂ ’ਤੇ ਪਿੰਡ ਬੁਰਜ ਥਰੋੜ ਤੋਂ ਵਾਪਸ ਆ ਰਹੇ ਸਨ ਤਾਂ ਉਸਦੇ ਪਿਤਾ ਉਸ ਤੋਂ ਕਰੀਬ 100 ਗਜ ਅੱਗੇ ਜੰਡਾਂਵਾਲਾ ਨੂੰ ਜਾਂਦੀ ਸੜਕ ਦੇ ਮੋੜ ਤੋਂ ਢੇਲਵਾਂ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਪਿੰਡ ਢੇਲਵਾਂ ਵੱਲੋਂ ਇਕ ਛੋਟਾ ਹਾਥੀ ਬੜੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ।
ਛੋਟੇ ਹਾਥੀ ਦੇ ਡਰਾਈਵਰ ਨੇ ਉਲਟ ਸਾਈਡ ’ਤੇ ਆ ਕੇ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਛੋਟੇ ਹਾਥੀ ਦੀ ਟੱਕਰ ਵੱਜਣ ਕਾਰਨ ਉਸਦਾ ਪਿਤਾ ਦਰਸ਼ਨ ਸਿੰਘ ਸੜਕ ’ਤੇ ਡਿੱਗਣ ਨਾਲ ਉਸਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ ਤੇ ਛੋਟਾ ਹਾਥੀ ਵਾਲਾ ਬਿਨਾਂ ਰੋਕੇ ਉੱਥੋਂ ਭੱਜ ਗਿਆ। ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਕਰ ਕੇ ਛੋਟੇ ਹਾਥੀ ਦਾ ਨੰਬਰ ਨਹੀਂ ਪੜ੍ਹਿਆ ਜਾ ਸਕਿਆ। ਕੁੱਝ ਸਮੇਂ ਬਾਅਦ ਥਾਣਾ ਨਥਾਣਾ ਤੋਂ ਮੁੱਖ ਕਾਂਸਟੇਬਲ ਜਸਵੰਤ ਸਿੰਘ ਤੇ ਇਕ ਹੋਰ ਪੁਲਸ ਕਰਮਚਾਰੀ ਨੇ ਮੌਕੇ ’ਤੇ ਆ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਾ ਦਿੱਤੀ ਹੈ। ਨਥਾਣਾ ਪੁਲਸ ਨੇ ਛੋਟੇ ਹਾਥੀ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
