ਘਰ ਦੇ ਕਮਾਊ ਮੁੰਡੇ ਦੀ ਹਾਦਸੇ ''ਚ ਮੌਤ, ਮਾਂ ਨੇ ਕਿਹਾ ਨੂੰਹ ਨੇ ਕਰਵਾਇਆ ਐਕਸੀਡੈਂਟ
Saturday, Feb 07, 2026 - 12:34 PM (IST)
ਜਲਾਲਾਬਾਦ (ਆਦਰਸ਼,ਜਤਿੰਦਰ) : ਬੀਤੀ ਰਾਤ ਜਲਾਲਾਬਾਦ ਦੇ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਣ ਕਾਰਣ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦਾ ਇਕ ਪੈਰ ਟੁੱਟ ਕੇ ਕਿੱਧਰੇ ਜਾ ਡਿੱਗਾ। ਹਾਦਸੇ ਵਿਚ ਪਿੰਡ ਛੋਟਾ ਟਿਵਾਣਾ ਦਾ ਰਹਿਣ ਵਾਲਾ ਮੋਟਰਸਾਈਕਲ ਚਾਲਕ ਰਮੇਸ਼ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਹਾਦਸਾ ਨਹੀਂ, ਉਸਦੀ ਨੂੰਹ ਵੱਲੋਂ ਸਾਜਿਸ਼ ਤਹਿਤ ਕਰਵਾਇਆ ਗਿਆ ਐਕਸੀਡੈਟ ਹੈ
ਇਸ ਹਾਦਸੇ ਦਾ ਪਤਾ ਲੱਗਦੇ ਸਾਰ ਹੀ ਮ੍ਰਿਤਕ ਰਮੇਸ਼ ਸਿੰਘ ਪੁੱਤਰ ਜੰਗੀਰ ਸਿੰਘ ਦੇ ਪਰਿਵਾਰਿਕ ਮੈਂਬਰ ਮੌਕੇ 'ਤੇ ਪਹੁੰਚੇ। ਮ੍ਰਿਤਕ ਨੌਜਵਾਨ ਦੀ ਮਾਤਾ ਮਹਿੰਦਰੋ ਬਾਈ ਨੇ ਆਪਣੀ ਨੂੰਹ ’ਤੇ ਗੰਭੀਰ ਦੋਸ਼ ਲਗਾਏ। ਉਸ ਨੇ ਕਿਹਾ ਕਿ ਇਹ ਹਾਦਸਾ ਨਹੀਂ ਬਲਕਿ ਉਸਦੀ ਨੂੰਹ ਵੱਲੋਂ ਹੀ ਸਾਜਿਸ਼ ਤਹਿਤ ਉਸਦੇ ਪੁੱਤ ਦਾ ਜਾਣਬੁੱਝ ਕੇ ਐਕਸੀਡੈਟ ਕਰਵਾਇਆ ਗਿਆ ਹੈ ਅਤੇ ਉਸਦੇ ਨੂੰਹ ਦੇ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਵੀ ਸ਼ਾਮਲ ਹਨ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਲਾਲਾਬਾਦ ਦੀ ਤਹਿਸੀਲ ਕੰਪਲੈਕਸ ’ਚ ਟਾਈਪਿਸਟ ਦਾ ਕੰਮ ਕਰਦਾ ਸੀ ਅਤੇ ਜਿਸਦੇ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਮੇਰਾ ਪਤੀ ਵੀ ਪਿਛਲੇ 4 ਸਾਲਾਂ ਤੋਂ ਅੱਖਾਂ ਦੀ ਰੋਸ਼ਨੀ ਨਾ ਹੋਣ ਕਾਰਨ ਮੰਝੇ ’ਤੇ ਪਿਆ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਮਹਿੰਦਰੋ ਬਾਈ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਘਟਨਾਂ ’ਚ ਸ਼ਾਮਲ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਧਰ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਸੱਸ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਥਾਣਾ ਸਿਟੀ ਜਲਾਲਾਬਾਦ ਦੇ ਜਾਂਚ ਅਧਿਕਾਰੀ ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
