ਧੋਖਾਦੇਹੀ ਦੇ ਦੋਸ਼ਾਂ ’ਚ ਕੌਂਸਲਰ ਸਮੇਤ 3 ਨਾਮਜ਼ਦ
Tuesday, Feb 03, 2026 - 12:38 PM (IST)
ਬਠਿੰਡਾ (ਵਰਮਾ) : ਸਿਵਲ ਲਾਈਨ ਪੁਲਸ ਵੱਲੋਂ ਜਾਅਲੀ ਕੁਰਸੀਨਾਮਾ ਤਿਆਰ ਕਰਵਾਉਣ ਵਾਲਿਆਂ ਦੋ ਔਰਤਾਂ ਅਤੇ ਕਾਗਜ਼ਾਂ ਨੂੰ ਤਸਦੀਕ ਕਰਨ ਵਾਲੇ ਕੌਂਸਲਰ ਸਮੇਤ ਤਿੰਨ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏਕਤਾ ਗੁਪਤਾ ਵਾਸੀ ਪੰਚਕੂਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਿਤਾ ਅੱਛਰੂ ਗੁਪਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਮਾਤਾ ਓਮਾਂ ਗੁਪਤਾ ਪਤਨੀ ਅੱਛਰੂ ਗੁਪਤਾ ਅਤੇ ਭੈਣ ਪ੍ਰਾਚੀ ਗੁਪਤਾ ਵਾਸੀ ਪੰਚਕੂਲਾ ਨੇ ਜਾਅਲੀ ਕੁਰਸੀਨਾਮਾ ਤਿਆਰ ਕਰਵਾ ਲਿਆ।
ਇਸ ਤੋਂ ਬਾਅਦ ਮੁਲਜ਼ਮਾਂ ਵਲੋਂ ਕੁਰਸੀਨਾਮੇ ਨੂੰ ਕੌਂਸਲਰ ਰਾਜਾ ਸਿੰਘ ਪਾਸੋਂ ਤਸਦੀਕ ਕਰਵਾ ਕੇ ਸਰਕਾਰੀ ਰਿਕਾਰਡ 'ਚ ਦਰਜ ਕਰਵਾ ਕੇ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਉਨ੍ਹਾਂ ਮੁਲਜ਼ਮਾਂ ਵੱਲੋਂ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਵੱਲੋਂ ਤਸਦੀਕ ਕਰਨ ਵਾਲੇ ਕੌਂਸਲਰ ਸਮੇਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
