ਬੇਕਾਬੂ ਕੈਂਟਰ ਨੇ ਲਈ ਚਾਚੇ-ਭਤੀਜੇ ਦੀ ਜਾਨ

07/16/2018 8:16:40 AM

ਦਿਡ਼੍ਹਬਾ ਮੰਡੀ(ਅਜੈ) – ਪਿੰਡ ਤੂਰਬੰਨਜਾਰਾ ਵਿਖੇ ਨੈਸ਼ਨਲ ਹਾਈਵੇ 52 ਉੱਪਰ ਇਕ ਬੇਕਾਬੂ ਕੈਂਟਰ (ਕਨਟੇਨਰ) ਨੇ 2 ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ  ਕਾਰਨ ਇਕ  ਵਿਅਕਤੀ  ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਜੇ ਨੇ ਹਸਪਤਾਲ ਜਾ ਕੇ ਦਮ ਤੋਡ਼ ਦਿੱਤਾ।  ਜਾਣਕਾਰੀ ਅਨੁਸਾਰ ਰਿਟਾਇਰਡ ਬਿਜਲੀ ਕਰਮਚਾਰੀ ਕਰਮਜੀਤ ਸਿੰਘ (59) ਪੁੱਤਰ ਕਪੂਰ ਸਿੰਘ ਅਤੇ ਬਲਕਰਨ ਸਿੰਘ (27) ਪੁੱਤਰ ਲਾਲ ਸਿੰਘ ਦੋਵੇਂ ਵਾਸੀ ਪਿੰਡ ਤੂਰਬੰਨਜਾਰਾ ਮੋਟਰਸਾਈਕਲ ’ਤੇ  ਸੰਗਰੂਰ ਵਾਲੀ ਸਾਈਡ ਜਾ ਰਹੇ ਸਨ ਕਿ ਪਿੰਡ ਦੇ ਬੱਸ ਸਟੈਂਡ ਤੋਂ ਥੋਡ਼੍ਹਾ ਅੱਗੇ ਢਾਬੇ ਕੋਲ  ਪਿੱਛੋਂ ਪਾਤੜਾਂ ਵਾਲੀ ਸਾਈਡ ਤੋਂ ਆ ਰਹੇ ਇਕ ਬੇਕਾਬੂ ਕੈਂਟਰ (ਕਨਟੇਨਰ) ਨੇ ਦੋਵਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਕੁਚਲ ਦਿੱਤਾ। ਇਸ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਜੇ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿਖੇ ਜਾ ਕੇ ਦਮ ਤੋਡ਼ ਦਿੱਤਾ। ਕੈਂਟਰ ਦਾ ਚਾਲਕ ਘਟਨਾ ਸਥਾਨ  ’ਤੇ ਟਰੱਕ ਛੱਡ ਕੇ ਫਰਾਰ ਹੋ ਗਿਆ।  ਮ੍ਰਿਤਕ ਸ਼ਰੀਕੇ ’ਚ ਚਾਚਾ–ਭਤੀਜਾ ਲੱਗਦੇ ਸਨ। ਇਸ ਕੇਸ ਦੇ ਇੰਚਾਰਜ ਏ. ਐੱਸ. ਆਈ. ਕਰਮ ਸਿੰਘ ਨੇ ਦੱਸਿਆ ਕਿ ਥਾਣਾ ਦਿਡ਼੍ਹਬਾ ਪੁਲਸ ਨੇ ਕਸ਼ਮੀਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਤੂਰਬੰਨਜਾਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ  ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਅਾਂ।
ਹਾਦਸੇ  ਨੇ ਦੁਨੀਆ ’ਚ ਆਉਣ ਤੋਂ ਪਹਿਲਾਂ ਹੀ ਖੋਹਿਆ ਬੱਚੇ ਤੋਂ ਪਿਤਾ
 ਸਡ਼ਕ ਹਾਦਸੇ ’ਚ ਮਾਰੇ ਗਏ ਕਰਮਜੀਤ ਸਿੰਘ  ਅਤੇ ਬਲਕਰਨ ਸਿੰਘ ਪਿੰਡ ਖਡਿਆਲ ਵਿਖੇ ਆਪਣੀ ਕਿਸੇ ਰਿਸ਼ਤੇਦਾਰੀ ’ਚ ਮਿਲਣ ਲਈ ਚੱਲੇ ਸਨ ਕਿ ਪਿੰਡ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਹੀ ਇਹ ਅਨਹੋਣੀ ਘਟਨਾ ਵਾਪਰ ਗਈ। ਕਰਮਜੀਤ ਸਿੰਘ ਕੁਝ ਮਹੀਨੇ ਪਹਿਲਾਂ ਹੀ ਬਿਜਲੀ ਬੋਰਡ ਦੀ ਨੌਕਰੀ ਤੋਂ ਰਿਟਾਇਰਡ ਹੋਇਆ ਸੀ। ਉਸ  ਦੇ 2 ਲਡ਼ਕੇ ਤੇ ਇਕ ਲਡ਼ਕੀ ਹੈ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਕਰਮਜੀਤ ਸਿੰਘ ਦੀ ਪਤਨੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰ ਨੂੰ ਇਸ ਅਚਾਨਕ ਹੋਈ ਮੌਤ ਨੇ ਝੰਜੋਡ਼ ਕੇ ਰੱਖ ਦਿੱਤਾ ਹੈ।    ਹਾਦਸੇ ’ਚ ਮਾਰੇ ਗਏ ਨੌਜਵਾਨ ਬਲਕਰਨ ਸਿੰਘ ਦੇ ਪਰਿਵਾਰ ਦੇ ਸਿਰ ਉਪਰ ਤਾਂ ਜਿਵੇਂ ਮੁਸੀਬਤਾਂ ਦਾ ਪਹਾਡ਼ ਹੀ ਟੁੱਟ ਗਿਆ ਹੈ। ਉਕਤ ਨੌਜਵਾਨ ਕੰਬਾਈਨ ਜਾਂ ਹੋਰ ਦਿਹਾਡ਼ੀ ਆਦਿ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਸਭ ਤੋਂ ਵੱਡਾ ਕਹਿਰ ਤਾਂ ਉਸ ਦੀ ਪਤਨੀ ’ਤੇ ਢਹਿ ਗਿਆ, ਜੋ  ਗਰਭਵਤੀ ਹੈ। ਇਸ ਹਾਦਸੇ ਨੇ ਮਾਤਾ-ਪਿਤਾ ਦਾ ਨੌਜਵਾਨ ਪੁੱਤ, ਪਤਨੀ ਦਾ ਸੁਹਾਗ ਤੇ ਜਨਮ ਤੋਂ ਪਹਿਲਾਂ ਹੀ ਬੱਚੇ ਤੋਂ  ਪਿਤਾ ਖੋਹ ਲਿਆ। ਇਸ ਹਾਦਸੇ ਨੂੰ ਲੈ ਕੇ ਪਿੰਡ ਅੰਦਰ ਸੋਗ ਦਾ ਮਾਹੌਲ ਹੈ।   ਪਿੰਡ ਤੂਰਬੰਜਾਰਾ ਦੇ ਸਰਪੰਚ ਨਰਪਿੰਦਰ ਸਿੰਘ ਬਬਲੀ ਨੇ ਕਿਹਾ ਕਿ ਨੌਜਵਾਨ ਬਲਕਰਨ ਸਿੰਘ ਦੇ ਪਰਿਵਾਰ ਦੀ ਆਰਥਕ ਹਾਲਤ ਬਹੁਤ ਖਰਾਬ ਹੈ। ਇਸ ਹਾਦਸੇ ਨੇ ਪਰਿਵਾਰ ਨੂੰ ਬੂਰੀ ਤਰ੍ਹਾਂ ਝੰਜੋਡ਼ ਕੇ ਰੱਖ ਦਿੱਤਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਨੌਜਵਾਨ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।  

 


Related News