ਚੰਗੇ ਮਾਨਸੂਨ ਨਾਲ ਪਵੇਗੀ ਅਰਥਵਿਵਸਥਾ ’ਚ ਜਾਨ

Wednesday, Apr 17, 2024 - 04:15 PM (IST)

ਚੰਗੇ ਮਾਨਸੂਨ ਨਾਲ ਪਵੇਗੀ ਅਰਥਵਿਵਸਥਾ ’ਚ ਜਾਨ

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਇਸ ਸਾਲ ਭਾਰਤ ’ਚ ‘ਆਮ ਤੋਂ ਵੱਧ’ ਮਾਨਸੂਨ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਮਾਨਸੂਨ ਦਾ ਅਗਾਊਂ ਅਨੁਮਾਨ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਵਾਰ ਸੀਜ਼ਨ ਦੀ ਕੁਲ ਬਾਰਿਸ਼ 87 ਸੈਂਟੀਮੀਟਰ ਔਸਤ ਦੇ ਨਾਲ 106 ਫੀਸਦੀ ਰਹਿਣ ਦੀ ਸੰਭਾਵਨਾ ਹੈ। ਅਲ ਨੀਨੋ ਪ੍ਰਭਾਵ ਕਾਰਨ ਇਸ ਸਾਲ ਦੇਸ਼ ’ਚ ਮਾਨਸੂਨ ਚੰਗਾ ਰਹੇਗਾ। ਅਗਸਤ-ਸਤੰਬਰ ’ਚ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਹਕੀਕਤ ’ਚ ਅਰਥਸ਼ਾਸਤਰੀ ਅਤੇ ਨੀਤੀ ਨਿਰਮਾਤਾ ਵੀ ਮਾਨਸੂਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਕਿ ਦੇਸ਼ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਚੰਗੀ ਬਾਰਿਸ਼ ਹੋਵੇ। ਮੌਸਮ ਵਿਭਾਗ ਦੀ ਭਵਿੱਖਬਾਣੀ ਜੇਕਰ ਸਹੀ ਹੁੰਦੀ ਹੈ ਤਾਂ ਇਹ ਦੇਸ਼ ਦੀ ਅਰਥਵਿਵਸਥਾ ਤੋਂ ਲੈ ਕੇ ਖੇਤੀ-ਕਿਸਾਨੀ ਲਈ ਰਾਮਬਾਣ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਮਾਨਸੂਨ ‘ਆਮ’ ਰਿਹਾ ਤਾਂ ਫਸਲਾ ਦੀ ਪੈਦਾਵਾਰ ਚੰਗੀ ਹੋਵੇਗੀ, ਜੋ ਮਹਿੰਗਾਈ ਨੂੰ ਹੇਠਾਂ ਲਿਆਉਣ ਦਾ ਕੰਮ ਕਰੇਗੀ। ਇਸ ਨਾਲ ਦਿਹਾਤੀ ਮੰਗ ’ਚ ਵੀ ਸੁਧਾਰ ਆਵੇਗਾ, ਜੋ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ’ਚ ਮਦਦ ਕਰੇਗੀ।

ਚੰਗੀ ਬਾਰਿਸ਼ ਦਾ ਅਸਰ ਖਰੀਫ ਫਸਲਾਂ ਦੇ ਉਤਪਾਦਨ ’ਤੇ ਪੈਂਦਾ ਹੈ, ਜਿਸ ਨਾਲ ਕੁਝ ਖਾਸ ਖਾਧ ਪਦਾਰਥਾਂ ਦੀਆਂ ਕੀਮਤਾਂ ਘਟ ਸਕਦੀਆਂ ਹਨ। ਚੌਲ, ਬਾਜਰਾ, ਰਾਗੀ, ਅਰਹਰ, ਮੂੰਗਫਲੀ, ਕਪਾਹ, ਮੱਕਾ, ਸੋਇਆਬੀਨ ਆਦਿ ਖਰੀਫ ਫਸਲਾਂ ਹਨ ਅਤੇ ਇਨ੍ਹਾਂ ਦਾ ਉਤਪਾਦਨ ਜ਼ਿਆਦਾਤਰ ਚੰਗੇ ਮਾਨਸੂਨ ’ਤੇ ਨਿਰਭਰ ਕਰਦਾ ਹੈ। ਇਨ੍ਹਾਂ ਦੀ ਬਿਜਾਈ ਜੂਨ-ਜੁਲਾਈ ਤੋਂ ਸ਼ੁਰੂ ਹੁੰਦੀ ਹੈ। ਅਜਿਹੇ ’ਚ ਮਾਨਸੂਨ ਦੌਰਾਨ ਚੰਗੀ ਬਾਰਿਸ਼ ਖਰੀਫ ਫਸਲਾਂ ਦੇ ਉਤਪਾਦਨ ਨੂੰ ਵਧਾ ਸਕਦੀ ਹੈ, ਜਿਸ ਨਾਲ ਮਹਿੰਗਾਈ ’ਤੇ ਕੁਝ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਮਹਿੰਗਾਈ ਘਟੇਗੀ ਤਾਂ ਪੂਰੀ ਅਰਥਵਿਵਸਥਾ ਨੂੰ ਇਸ ਦਾ ਫਾਇਦਾ ਮਿਲੇਗਾ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮਾਨਸੂਨ ਭਾਰਤੀ ਖੇਤੀ ਦੀ ਲਾਈਫਲਾਈਨ ਹੈ।

ਇਕ ਅਨੁਮਾਨ ਮੁਤਾਬਕ ਮਾਨਸੂਨ ’ਤੇ 2 ਖਰਬ ਡਾਲਰ ਦੀ ਅਰਥਵਿਵਸਥਾ ਨਿਰਭਰ ਕਰਦੀ ਹੈ ਅਤੇ ਘੱਟੋ-ਘੱਟ 50 ਫੀਸਦੀ ਖੇਤੀ ਨੂੰ ਪਾਣੀ ਬਾਰਿਸ਼ ਰਾਹੀਂ ਹੀ ਹਾਸਲ ਹੁੰਦਾ ਹੈ। ਲਗਭਗ 800 ਮਿਲੀਅਨ ਲੋਕ ਪਿੰਡਾਂ ’ਚ ਨਿਵਾਸ ਕਰਦੇ ਹਨ ਅਤੇ ਉਹ ਖੇਤੀ ’ਤੇ ਹੀ ਨਿਰਭਰ ਹਨ, ਜੋ ਕਿ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 14 ਫੀਸਦੀ ਹੈ। ਜੇਕਰ ਮਾਨਸੂਨ ਅਸਫਲ ਰਹਿੰਦਾ ਹੈ ਤਾਂ ਦੇਸ਼ ਦੇ ਵਿਕਾਸ ਅਤੇ ਅਰਥਵਿਵਸਥਾ ’ਤੇ ਉਲਟ ਪ੍ਰਭਾਵ ਪਏਗਾ। ਆਮ ਤੋਂ ਉੱਪਰ ਮਾਨਸੂਨ ਰਹਿਣ ’ਤੇ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਦੋਵਾਂ ’ਚ ਵਾਧਾ ਹੁੰਦਾ ਹੈ, ਜਿਸ ਨਾਲ ਦਿਹਾਤੀ ਬਾਜ਼ਾਰਾਂ ’ਚ ਉਤਪਾਦਾਂ ਦੀ ਮੰਗ ਵਧਦੀ ਹੈ। ਚੰਗੀ ਬਾਰਿਸ਼ ਨਾ ਸਿਰਫ ਖੇਤੀ ਖੇਤਰ ਲਈ ਜ਼ਰੂਰੀ ਹੈ ਸਗੋਂ ਇਸ ਨਾਲ ਉਦਯੋਗ ਜਗਤ ’ਚ ਵੀ ਬਹਾਰ ਆਉਂਦੀ ਹੈ। ਖੇਤ ਤੋਂ ਲੈ ਕੇ ਖਾਣੇ ਦੇ ਟੇਬਲ ਤਕ ਇਕ ਵੱਡੀ ਚੇਨ ਜੁੜੀ ਹੁੰਦੀ ਹੈ। ਅਜਿਹੇ ’ਚ ਕਮਜ਼ੋਰ ਮਾਨਸੂਨ ਪੂਰੀ ਵੈਲਿਊ ਚੇਨ ਨੂੰ ਵਿਗਾੜ ਸਕਦਾ ਹੈ। ਇਸ ਨਾਲ ਪੂਰੀਆਂ ਆਰਥਿਕ ਸਰਗਰਮੀਆਂ ਗੜਬੜਾ ਜਾਂਦੀਆਂ ਹਨ ਪਰ ਜਦੋਂ ਸਾਲ 2024 ’ਚ ਇਕ ਚੰਗਾ ਮਾਨਸੂਨ ਸੰਭਾਵਿਤ ਹੈ, ਉਦੋਂ ਸਰਕਾਰ ਨੂੰ ਕਿਸਾਨਾਂ ਨੂੰ ਮੁਸਕਰਾਹਟ ਦੇਣ ਅਤੇ ਦਿਹਾਤੀ ਅਰਥਵਿਵਸਥਾ ਨੂੰ ਲਾਭ ਦੇਣ ਲਈ ਰਣਨੀਤਿਕ ਕਦਮ ਅੱਗੇ ਵਧਾਉਣਾ ਚਾਹੀਦਾ ਹੈ।

ਦਰਅਸਲ ਦੇਸ਼ ’ਚ ਚੰਗਾ ਮਾਨਸੂਨ ਵਿਕਾਸ ਦੀ ਰੇਖਾ ਮੰਨਿਆ ਜਾਂਦਾ ਹੈ ਕਿਉਂਕਿ ਮਾਨਸੂਨ ਦਾ ਪ੍ਰਭਾਵ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਰੋਜ਼ਾਨਾ ਦੀ ਜ਼ਿੰਦਗੀ ’ਤੇ ਪੈਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਚਾਰ ਮਹੀਨਿਆਂ ਦੀ ਮਾਨਸੂਨੀ ਬਾਰਿਸ਼ ਅਰਥਵਿਵਸਥਾ ਲਈ ਮੱਲ੍ਹਮ ਸਾਬਿਤ ਹੋ ਸਕਦੀ ਹੈ। ਦੇਸ਼ ਦੀਆਂ ਅੱਧੇ ਤੋਂ ਵੱਧ ਫਸਲਾਂ ਇਸੇ ਮਾਨਸੂਨੀ ਬਾਰਿਸ਼ ਨਾਲ ਲਹਿਲਹਾਉਂਦੀਆਂ ਹਨ। ਫਸਲਾਂ ਦੀ ਪੈਦਾਵਾਰ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਪੈਦਾਵਾਰ ਵਧੀਆ ਰਹੀ ਤਾਂ ਖਾਧ ਪਦਾਰਥਾਂ ਦੀਆਂ ਕੀਮਤਾਂ ਘਟ ਰਹਿਣਗੀਆਂ। ਇਸ ਨਾਲ ਆਮ ਆਦਮੀ ਨੂੰ ਰਾਹਤ ਮਿਲੇਗੀ।

ਮਾਨਸੂਨੀ ਬਾਰਿਸ਼ ਨਾਲ ਖਰੀਫ ਫਸਲਾਂ ਨੂੰ ਲਾਭ ਤਾਂ ਹੁੰਦਾ ਹੀ ਹੈ, ਨਾਲ ਹੀ ਰਬੀ ਸੀਜ਼ਨ ਭਾਵ ਸਰਦੀਆਂ ’ਚ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਵੀ ਮਿੱਟੀ ਨੂੰ ਨਮੀ ਮਿਲ ਜਾਂਦੀ ਹੈ। ਵਧੀਆ ਬਾਰਿਸ਼ ਨਾਲ ਦੇਸ਼ ਦੇ ਜਲ ਸਰੋਤਾਂ ’ਚ ਪਾਣੀ ਭਰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਖੇਤੀ ਲਈ ਪਾਣੀ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਆਰ. ਬੀ. ਆਈ. ਵਿਆਜ ਦਰਾਂ ਤੈਅ ਕਰਦੇ ਸਮੇਂ ਮਾਨਸੂਨ ਦੇ ਪ੍ਰਦਰਸ਼ਨ, ਖਾਧ ਉਤਪਾਦਨ ਅਤੇ ਮਹਿੰਗਾਈ ਦਰ ’ਤੇ ਧਿਆਨ ਦਿੰਦਾ ਹੈ। ਇਸ ਲਈ ਚੰਗੇ ਮਾਨਸੂਨ ਨਾਲ ਵਿਆਜ ਦਰਾਂ ’ਚ ਵੀ ਗਿਰਾਵਟ ਆਉਂਦੀ ਹੈ ਅਤੇ ਕਰਜ਼ਾ ਸਸਤਾ ਹੁੰਦਾ ਹੈ। ਬਿਨਾਂ ਸ਼ੱਕ ਆਰਥਿਕ ਵਿਕਾਸ ਦਰ ਨੂੰ ਵਧਾਉਣ ’ਚ ਚੰਗੇ ਮਾਨਸੂਨ ਦੀ ਅਹਿਮ ਭੂਮਿਕਾ ਹੁੰਦਾ ਹੈ। ਇਸ ਨਾਲ ਜਿਥੇ ਮਹਿੰਗਾਈ ਨਹੀਂ ਵਧੇਗੀ, ਉਥੇ ਹੀ ਵਿਕਾਸ ਦਰ ਵਧੇਗੀ। ਨਾਲ ਹੀ ਚੰਗੇ ਮਾਨਸੂਨ ਨਾਲ ਕਿਸਾਨਾਂ ਦੀ ਫਸਲ ਚੰਗੀ ਹੋਣ ਨਾਲ ਖਰੀਦ ਸ਼ਕਤੀ ਵਧੇਗੀ ਅਤੇ ਉਨ੍ਹਾਂ ਦੇ ਕਦਮ ਬਾਜ਼ਾਰਾਂ ਦੀ ਚਮਕ ਵਧਾਉਣਗੇ।

ਇਸ ਸਮੇਂ ਦੇਸ਼ ’ਚ ਮਹਿੰਗਾਈ ਅਹਿਮ ਮੁੱਦਾ ਹੈ। ਮੌਜੂਦਾ ਸਮੇਂ ’ਚ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਕਰਨਾ ਕਾਫੀ ਮਹਿੰਗਾ ਪੈ ਰਿਹਾ ਹੈ। ਬੀਜ, ਖਾਦ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਤੇਜ਼ੀ ਤੋਂ ਬਾਅਦ ਕਿਸਾਨਾਂ ਲਈ ਖੇਤੀ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਵਧਦੀ ਹੋਈ ਮਹਿੰਗਾਈ ਨਾਲ ਕਿਸਾਨਾਂ ਦੀ ਰੁਚੀ ਖੇਤੀ ਪ੍ਰਤੀ ਦਿਨ-ਪ੍ਰਤੀਦਿਨ ਘਟ ਹੁੰਦੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਲਈ ਖੇਤੀ ਹੁਣ ਘਾਟੇ ਦਾ ਸੌਦਾ ਲੱਗ ਰਿਹਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਹੁਣ ਖੇਤੀ ਨਾਲ ਲਾਗਤ ਕੱਢਣਾ ਵੀ ਅਸੰਭਵ ਜਿਹਾ ਹੋ ਰਿਹਾ ਹੈ। ਦੱਸ ਦੇਈਏ ਕਿ ਡੀਜ਼ਲ ਦੀ ਕੀਮਤ ਵਧਣ ਨਾਲ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ। ਖੇਤੀ-ਕਿਸਾਨੀ ਦਾ ਜ਼ਿਆਦਾਤਰ ਕੰਮ ਈਂਧਨ ’ਤੇ ਨਿਰਭਰ ਹੈ। ਖੇਤ ਦੀ ਵਹਾਈ ਤੋਂ ਲੈ ਕੇ ਕਟਾਈ ਅਤੇ ਫਸਲ ਨੂੰ ਮੰਡੀ ਲਿਜਾਣ ਤਕ ਕਿਸਾਨ ਟਰੈਕਟਰ ਦੀ ਵਰਤੋਂ ਕਰਦੇ ਹਨ ਪਰ ਮਹਿੰਗਾ ਡੀਜ਼ਲ ਕਿਸਾਨਾਂ ਸਾਹਮਣੇ ਪਹਿਲਾਂ ਤੋਂ ਹੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅਜਿਹੇ ’ਚ ਖਰਾਬ ਮਾਨਸੂਨ ਨਾਲ ਹਾਲਾਤ ਹੋਰ ਗੁੰਝਲਦਾਰ ਹੋ ਸਕਦੇ ਹਨ।

ਘੱਟ ਪੈਦਾਵਾਰ ਨਾਲ ਅਨਾਜ, ਫਲ-ਸਬਜ਼ੀ ਅਤੇ ਦੁੱਧ ਵਰਗੀਆਂ ਰੁਟੀਨ ਦੀ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਹੋਰ ਵਧ ਸਕਦੇ ਹਨ ਪਰ ਚੰਗੇ ਮਾਨਸੂਨ ਨਾਲ ਮਹਿੰਗਾਈ ’ਤੇ ਲਗਾਮ ਲੱਗ ਸਕਦੀ ਹੈ। ਨਾਲ ਹੀ ਖਾਦ, ਬੀਜ, ਆਟੋਮੋਬਾਈਲ, ਕੰਜ਼ਿਊਮਰ ਗੁਡਸ ਅਤੇ ਫਾਈਨਾਂਸ ਕੰਪਨੀਆਂ ਦੇ ਸ਼ੇਅਰ ਵੀ ਡਿਮਾਂਡ ’ਚ ਰਹਿੰਦੇ ਹਨ। ਇਸ ਤਰ੍ਹਾਂ ਚੰਗਾ ਮਾਨਸੂਨ ਸ਼ੇਅਰ ਬਾਜ਼ਾਰ ’ਤੇ ਵੀ ਪ੍ਰਭਾਵ ਪਾਉਂਦਾ ਹੈ। ਮਾਨਸੂਨ ਕਾਰਨ ਜਲ ਸਰੋਤ ਨੱਕੋ-ਨੱਕ ਭਰ ਜਾਂਦੇ ਹਨ ਜੋ ਹਾਈਡ੍ਰੋਪਾਵਰ ਅਤੇ ਸਿੰਚਾਈ ਲਈ ਅਹਿਮ ਹਨ।

ਸਾਫ ਹੈ, ਜਿਸ ਤਰ੍ਹਾਂ ਮਾਨਸੂਨ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਅਹਿਮ ਹੈ, ਉਸੇ ਤਰ੍ਹਾਂ ਕਾਰਪੋਰੇਟ ਕੰਪਨੀਆਂ ਤੋਂ ਲੈ ਕੇ ਆਮ ਕੰਜ਼ਿਊਮਰ ਤਕ ਹਰ ਕਿਸੇ ਦੀ ਪਰਸਨਲ ਇਨਕਮ ਅਤੇ ਸੇਵਿੰਗਸ ’ਤੇ ਵੀ ਇਸ ਦਾ ਡੂੰਘਾ ਅਸਰ ਪੈਂਦਾ ਹੈ। ਯਕੀਨਨ ਦੇਸ਼ ਦੀ ਅਰਥਵਿਵਸਥਾ ਦੇ ਨਾਲ ਦਿਹਾਤੀ ਅਰਥਵਿਵਸਥਾ ਲਈ ਇਕ ਸਕੂਨ ਭਰਿਆ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਮਾਨਸੂਨ ਤਾਂ ਦਿਹਾਤੀ ਅਰਥਵਿਵਸਥਾ ਦੀ ਰੀੜ੍ਹ ਹੀ ਹੈ।

ਰਵੀ ਸ਼ੰਕਰ


author

Rakesh

Content Editor

Related News