ਸੰਘਣੀ ਧੁੰਦ ਕਾਰਨ ਸੜਕ ''ਤੇ ਟਰੈਕਟਰ-ਟਰਾਲੀ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

Monday, Jan 29, 2018 - 03:35 PM (IST)

ਬਹਿਰਾਮ ( ਗੁਰਨਾਮ )— ਬਹਿਰਾਮ-ਮਾਹਿਲਪੁਰ ਰੋਡ 'ਤੇ ਸੰਘਣੀ ਧੁੰਦ ਅਤੇ ਕਟਾਰੀਆਂ ਦਾਣਾ ਮੰਡੀ ਨੇੜੇ ਪਏ ਡੂੰਘੇ-ਡੂੰਘੇ ਟੋਇਆਂ ਨੂੰ ਬਚਾਉਂਦੇ ਹੋਏ ਟਰੈਕਟਰ-ਟਰਾਲੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਘਟਨਾ ਸਥਾਨ 'ਤੇ ਪੁੱਜੇ ਕਟਾਰੀਆਂ ਚੌਂਕੀ ਦੇ ਇੰਚਾਰਜ ਹੀਰਾ ਲਾਲ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਚਾਲਕ ਲਖਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਲੁਧਿਆਣਾ ਮਾਹਿਲਪੁਰ ਸਾਈਡ ਤੋਂ ਤੂੜੀ ਲਾਹ ਕੇ ਬਹਿਰਾਮ ਵੱਲ ਆ ਰਿਹਾ ਸੀ ਜਦੋਂ ਉਹ ਦਾਣਾ ਮੰਡੀ ਕਟਾਰੀਆਂ ਤੋਂ ਥੋੜ੍ਹੀ ਅੱਗੇ ਪੁੱਜੇ ਤਾਂ ਸੜਕ 'ਚ ਪਏ ਡੂੰਘੇ ਟੋਇਆਂ ਨੂੰ ਬਚਾਉਂਦੇ ਹੋਏ ਟਰੈਕਟਰ ਬੇਕਾਬੂ ਹੋ ਕੇ ਸੜਕ ਕੰਢੇ ਡਰੇਨ 'ਚ ਪਲਟ ਗਿਆ। ਇਸ ਦੌਰਾਨ ਟਰੈਕਟਰ ਦੀ ਸਾਈਂਡ 'ਤੇ ਬੈਠਾ ਸੁਭਾਸ਼ ਪੁੱਤਰ ਸ਼ਸ਼ੀਪਾਲ ਵਾਸੀ ਕੱਟੀ (ਥਾਣਾ ਚੱਬੇਵਾਲ) ਟਰੈਕਟਰ ਦੇ ਹੇਠਾਂ ਆ ਗਿਆ, ਜਿਸ ਨੂੰ ਪੁਲਸ ਅਤੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢਿਆ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ 108 ਐਂਬੂਲੈਂਸ ਦੀ ਮਦਦ ਨਾਲ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ। 
ਮੌਕੇ 'ਤੇ ਪੁੱਜੀ ਕਟਾਰੀਆਂ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਦਸਣਯੋਗ ਹੈ ਕਿ ਕਟਾਰੀਆਂ ਤੋਂ ਲੈ ਕੇ ਬਹਿਰਾਮ ਤੱਕ ਸੜਕ 'ਚ ਥਾਂ-ਥਾਂ ਡੂੰਘੇ-ਡੂੰਘੇ ਟੋਏ ਪਏ ਹੋਏ ਹਨ ਕਰੀਬ 10 ਦਿਨ ਪਹਿਲਾਂ ਵੀ ਇਸੇ ਥਾਂ 'ਤੇ ਟੋਇਆਂ ਕਰਕੇ ਇਕ ਅਲਟੋ ਕਾਰ ਪਲਟ ਗਈ ਸੀ ਅਤੇ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਸਨ ਪਰ ਸਬੰਧਤ ਮਹਿਕਮੇ ਦਾ ਇਨ੍ਹਾਂ ਟੋਇਆਂ ਵੱਲ ਕੋਈ ਧਿਆਨ ਨਹੀਂ ਜਾ ਰਿਹਾ, ਜਿਸ ਕਾਰਨ ਆਏ ਦਿਨੀ ਹਾਦਸੇ ਵਾਪਰ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਟੋਇਆਂ ਨੂੰ ਲੁੱਕ ਪਾ ਕੇ ਪੂਰਿਆ ਜਾਵੇ ਤਾਂ ਜੋ ਹਾਦਸਿਆਂ 'ਤੇ ਰੋਕ ਲੱਗ ਸਕੇ।


Related News