ਸੜਕ ਹਾਦਸੇ ’ਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
Wednesday, Nov 06, 2024 - 10:52 AM (IST)

ਅਬੋਹਰ (ਸੁਨੀਲ) : ਦੀਵਾਲੀ ਤੋਂ ਇਕ ਦਿਨ ਪਹਿਲਾਂ ਅਬੋਹਰ-ਮਲੋਟ ਰੋਡ ’ਤੇ ਟਰੱਕ ਯੂਨੀਅਨ ਨੇੜੇ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਵਾਲੇ ਨੌਜਵਾਨ ਦੀ ਬਠਿੰਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੰਗਾਲਾ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਸੀ, ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਸ਼ਾਮ ਮਲੋਟ ਰੋਡ ’ਤੇ ਸੜਕ ਪਾਰ ਕਰ ਰਿਹਾ ਸੀ ਤਾਂ ਇਸੇ ਦੌਰਾਨ ਸੀਡ ਫਾਰਮ ਵਾਸੀ ਰਾਹੁਲ ਨਾਂ ਦੇ ਨੌਜਵਾਨ ਦੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ।
ਜਿਸ ਨਾਲ ਉਹ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ, ਉਸ ਦੇ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਲੈ ਗਏ, ਜਿੱਥੇ ਅੱਜ ਦੁਪਹਿਰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁਰਦਾਘਰ ’ਚ ਰਖਵਾਇਆ ਗਿਆ। ਸਿਟੀ ਥਾਣਾ ਨੰਬਰ-1 ਦੀ ਪੁਲਸ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰੇਗੀ।