ਕਾਰ ਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ 3 ਦੀ ਮੌਤ, 6 ਗੰਭੀਰ ਜ਼ਖਮੀ

01/04/2020 7:31:19 PM

ਜੈਤੋ,(ਵੀਰਪਾਲ/ਗੁਰਮੀਤਪਾਲ)- ਜੈਤੋ ਨੇੜੇ ਪਿੰਡ ਜੈਤੋ-ਬਠਿੰਡਾ ਰੋਡ 'ਤੇ ਪਿੰਡ ਚੰਦਭਾਨ ਕੋਲ ਬੀਤੀ ਰਾਤ ਇਕ ਕਾਰ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦਾਦੇ-ਪੋਤੀ ਸਣੇ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ। ਇਸ ਸੰਬੰਧੀ ਥਾਣਾ ਜੈਤੋ ਦੇ ਐੱਸ. ਐੱਚ. ਓ. ਮੁਖ਼ਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਕਾਰ 'ਚ ਬੱਚੀ ਸਮੇਤ 6 ਲੋਕ ਸਵਾਰ ਸਨ, ਜਦਕਿ ਜੀਪ 'ਚ ਤਿੰਨ ਜਣੇ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਪਿੰਡ ਭੁੱਚੋ (ਬਠਿੰਡਾ) ਤੋਂ ਵਿਆਹ 'ਚ ਸ਼ਾਮਲ ਹੋਣ ਉਪਰੰਤ ਪਿੰਡ ਹਰੀਨੌ ਵਿਖੇ ਪਰਤ ਰਹੇ ਸਨ, ਜਦਕਿ ਜੀਪ ਸਵਾਰ ਆਪਣੇ ਪਿੰਡ ਰੋੜੀਕਪੂਰਾ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਸ਼ਹਿਰ ਦੀਆਂ ਦੋਵੇਂ ਸਮਾਜ ਸੇਵੀ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਸਹਾਰਾ ਕਲੱਬ ਟੀਮ ਦੀ ਮਦਦ ਨਾਲ ਜ਼ਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਪਹੁੰਚਾਇਆ ਗਿਆ ਪਰ ਹਾਲਤ ਵਧੇਰੇ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਕਾਰ ਚਾਲਕ ਭੁਪਿੰਦਰ ਸਿੰਘ ਭੋਲਾ ਪੁੱਤਰ ਗੁਰਚਰਨ ਸਿੰਘ, ਉਨ੍ਹਾਂ ਦੀ ਪੋਤਰੀ ਏਕਮਵੀਰ ਕੌਰ (5) ਪੁੱਤਰੀ ਅਮਰੀਕ ਸਿੰਘ ਵਾਸੀ ਬੁਰਜ ਮਹਿਮਾ ਅਤੇ ਜਸਪਾਲ ਕੌਰ (74) ਪਤਨੀ ਮੁਖਤਿਆਰ ਕੌ ਵਾਸੀ ਕੋਠੇ ਲਾਲ ਪ੍ਰੇਮੀ ਵਾਲੇ ਜੈਤੋ ਨੂੰ ਮ੍ਰਿਤਕ ਐਲਾਨ ਦਿੱਤਾ। 

ਉੱਥੇ ਹੀ ਬਾਕੀ 6 ਜ਼ਖ਼ਮੀਆਂ 'ਚੋਂ 3 ਕਾਰ ਸਵਾਰ ਪ੍ਰਿਤਪਾਲ ਕੌਰ, ਕਰਮਜੀਤ ਕੌਰ, ਸਿਮਰਨਜੀਤ ਕੌਰ ਅਤੇ ਜੀਪ ਸਵਾਰ ਪਿੰਡ ਰੋੜੀਕਪੂਰਾ ਦੇ ਕੁਲਦੀਪ ਸਿੰਘ ਪੁੱਤਰ ਜਲੰਧਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਅਤੇ ਸਤਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਸਥਾਨ 'ਤੇ ਪੁਲਸ ਨੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ । ਇਸ ਘਟਨਾ ਸਬੰਧੀ ਕੇਸ ਦੀ ਤਫ਼ਤੀਸ਼ ਕਰ ਰਹੇ ਏ. ਐਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਜੈਤੋ ਵਿਚ ਧਾਰਾ ਆਈ. ਪੀ. ਸੀ. 304 ਏ 279/427/37,38 ਤਹਿਤ ਕੁਲਦੀਪ ਸਿੰਘ ਪੁੱਤਰ ਜਲੰਧਰ ਸਿੰਘ ਖਿਲਾਫ ਮਾਮਲਾ ਦਰਜ਼ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News