ਤੇਜ਼ ਰਫਤਾਰ ਮੋਟਰਸਾਈਕਲ ਦੀ ਟੱਕਰ ਨਾਲ ਰਾਹਗੀਰ ਜ਼ਖਮੀ (ਤਸਵੀਰਾਂ)
Friday, Oct 13, 2017 - 11:23 AM (IST)
ਬਠਿੰਡਾ (ਪਾਇਲ)-ਤੇਜ਼ ਰਫਤਾਰ ਮੋਟਰਸਾਈਕਲ ਟੱਕਰ ਨਾਲ ਇਕ ਰਾਹਗੀਰ ਜ਼ਖਮੀ ਹੋ ਗਿਆ, ਜਦਕਿ ਹੋਰ ਹਾਦਸਿਆਂ 'ਚ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਲਾਲ ਸਿੰਘ ਬਸਤੀ ਨਜ਼ਦੀਕ ਇਕ ਬਜ਼ੁਰਗ ਰਾਹਗੀਰ ਨੂੰ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ 'ਚ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਇਕ ਲੱਤ ਵੀ ਟੁੱਟ ਗਈ। ਜਾਣਕਾਰੀ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਮੈਂਬਰ ਵਿੱਕੀ ਕੁਮਾਰ ਤੇ ਵਿਸ਼ੂ ਰਾਜਪੂਤ ਨੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਨਾਹਰ ਸਿੰਘ (73) ਪੁੱਤਰ ਪ੍ਰੀਤਮ ਸਿੰਘ ਵਾਸੀ ਲਾਲ ਸਿੰਘ ਬਸਤੀ ਵਜੋਂ ਹੋਈ।

ਉਥੇ ਹੀ ਸਵੇਰੇ 5 ਵਜੇ ਬਠਿੰਡਾ-ਬਾਦਲ ਸੜਕ 'ਤੇ ਇਕ ਮੋਟਰਸਾਈਕਲ ਚਾਲਕ ਗੁਰਜੀਤ ਸਿੰਘ (25) ਪੁੱਤਰ ਮੱਸਾ ਸਿੰਘ ਵਾਸੀ ਘੁੱਦਾ ਬਿਜਲੀ ਦੇ ਖੰਭੇ ਨਾਲ ਟਕਰਾਅ ਕੇ ਜ਼ਖਮੀ ਹੋ ਗਿਆ।
ਓਧਰ, ਬਠਿੰਡਾ-ਗੋਨਿਆਣਾ ਸੜਕ 'ਤੇ ਨਹਿਰ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਨਵੀਨ ਕੁਮਾਰ (21) ਤੇ ਮੋਹਿਤ ਕੁਮਾਰ (25) ਵਾਸੀ ਜਨਤਾ ਨਗਰ ਕਾਰ ਦੀ ਟੱਕਰ ਨਾਲ ਜ਼ਖਮੀ ਹੋ ਗਏ।

