ਹਾਦਸੇ ''ਚ ਜਾਨ ਗੁਆਉਣ ਵਾਲੀ ਔਰਤ ਦੇ ਪਰਿਵਾਰ ਨੂੰ 67.23 ਲੱਖ ਮੁਆਵਜ਼ਾ
Friday, Dec 13, 2019 - 03:39 PM (IST)

ਚੰਡੀਗੜ੍ਹ (ਸੰਦੀਪ) : ਸੜਕ ਹਾਦਸੇ 'ਚ ਜਾਨ ਗੁਆਉਣ ਵਾਲੀ ਔਰਤ ਦੇ ਪਰਿਵਾਰ ਲਈ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ . ਏ . ਸੀ . ਟੀ. ) ਨੇ 67.23 ਲੱਖ ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ ਹੈ। ਟ੍ਰਿਬਿਊਨਲ ਨੇ ਕਾਰ ਚਾਲਕ, ਕਾਰ ਮਾਲਕ ਅਤੇ ਇੰਸ਼ੋਰੈਂਸ ਕੰਪਨੀ ਨੂੰ ਸਾਂਝੇ ਤੌਰ 'ਤੇ ਮੁਆਵਜ਼ਾ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਹਨ। ਮ੍ਰਿਤਕਾ ਉਮਾ ਸ਼ਰਮਾ ਦੇ ਪਰਿਵਾਰ ਨੇ ਟ੍ਰਿਬਿਊਨਲ 'ਚ ਪਟੀਸ਼ਨ ਦਾਇਰ ਕਰ ਕੇ ਕਿਹਾ ਗਿਆ ਸੀ ਕਿ ਉਮਾ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੀ ਸੀ ਅਤੇ 67 ਹਜ਼ਾਰ ਰੁਪਏ ਮਹੀਨਾ ਕਮਾਉਂਦੀ ਸੀ। ਪਰਿਵਾਰ ਨੇ ਡੇਢ ਕਰੋੜ ਮੁਆਵਜ਼ੇ ਦੀ ਮੰਗ ਕੀਤੀ ਸੀ ।
ਕਾਰ ਦੇ ਪਿੱਛੇ ਟਕਰਾਈ ਸੀ ਐਕਟਿਵਾ
ਪਟੀਸ਼ਨ 'ਚ ਪਰਿਵਾਰ ਨੇ ਕਿਹਾ ਸੀ ਕਿ 27 ਨਵੰਬਰ, 2016 ਨੂੰ ਉਮਾ ਆਪਣੀ ਐਕਟਿਵਾ 'ਤੇ ਅੰਬਾਲਾ ਤੋਂ ਪੰਚਕੂਲਾ ਨੂੰ ਆ ਰਹੀ ਸੀ। ਜਦੋਂ ਉਹ ਡੇਰਾਬੱਸੀ ਪਹੁੰਚੀ ਤਾਂ ਪਿੱਛੇ ਤੋਂ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਓਵਰਟੇਕ ਕੀਤਾ ਅਤੇ ਕਾਰ ਚਾਲਕ ਨੇ ਇਸ ਦੌਰਾਨ ਅਚਾਨਕ ਬ੍ਰੇਕ ਲਗਾ ਦਿੱਤੀ । ਉਸ ਦੀ ਐਕਟਿਵਾ ਕਾਰ ਨਾਲ ਟਕਰਾ ਗਈ ਅਤੇ ਅਤੇ ਉਮਾ ਸੜਕ 'ਤੇ ਹੇਠਾਂ ਡਿੱਗ ਗਈ। ਉਮਾ ਨੂੰ ਸੈਕਟਰ-32 ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਦੇ ਬਾਅਦ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਦਾ ਕਹਿਣਾ ਸੀ ਕਿ ਹਾਦਸਾ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਸੀ।