ਪੁਰਾਣੀ ਦਾਣਾ ਮੰਡੀ ਬਾਬਾ ਖੇਤਰਪਾਲ ਮੰਦਰ ਨੇੜੇ ਕੂੜੇ ਦੇ ਡੰਪ ਨੂੰ ਚੁੱਕਵਾਉਣ ਦਾ ਮੁੱਦਾ ਗਰਮਾਇਆ
Saturday, Feb 14, 2026 - 04:18 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੁਰਾਣੀ ਦਾਣਾ ਮੰਡੀ ਸਥਿਤ ਪ੍ਰਾਚੀਨ ਬਾਬਾ ਖੇਤਰਪਾਲ ਮੰਦਰ ਨੇੜੇ ਬਣੇ ਕੂੜੇ ਦੇ ਡੰਪ ਨੂੰ ਚੁੱਕਵਾਉਣ ਦਾ ਮੁੱਦਾ ਗਰਮਾ ਗਿਆ ਹੈ। ਦੱਸ ਦਈਏ ਕਿ ਮੰਡੀ 'ਚ ਮੰਦਰ ਦੇ ਬਿਲਕੁਲ ਨਾਲ ਕੂੜੇ ਦਾ ਡੰਪ ਬਣਿਆ ਹੋਇਆ ਹੈ ਜਿਸ ਕਰਕੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਜਿੱਥੇ ਭਾਰੀ ਠੇਸ ਪੁੱਜਦੀ ਹੈ। ਉੱਥੇ ਹੀ ਰਾਹਗੀਰਾਂ ਦਾ ਇੱਥੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ। ਇਸ ਡੰਪ ਦੇ ਬਿਲਕੁਲ ਨਾਲ ਹੀ ਸੁਵਿਧਾ ਸੈਂਟਰ ਵੀ ਹੈ। ਜਿਸ ਕਰਕੇ ਸੁਵਿਧਾ ਸੈਂਟਰ 'ਚ ਦਿਨ ਭਰ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ।
ਇਸ ਗੰਭੀਰ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਇਕ ਵਫਦ ਨੇ ਨਗਰ ਕੌਂਸਲ ਦੇ ਈਓ ਵਰੁਣ ਸਹੋਤਾ ਨੂੰ ਮੰਗ ਪੱਤਰ ਸੌਂਪ ਕੇ ਇਸ ਡੰਪ ਨੂੰ ਇੱਥੋਂ ਜਲਦੀ ਚੁੱਕਵਾਉਣ ਦੀ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਤੇ ਇੱਥੋਂ ਉੱਠਣ ਵਾਲੀ ਬਦਬੂ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਗਰਗ, ਰਮਨੀਸ਼ ਗਿਰਧਰ, ਸਤੀਸ਼ ਕੁਮਾਰ, ਵਿਸ਼ੂ ਆਹੁਜਾ, ਸਤੀਸ਼ ਵਾਟਸ, ਸੰਜੀਵ ਕੁਮਾਰ ਟਿੰਕੂ ਆਦਿ ਨੇ ਦੱਸਿਆ ਕਿ ਮੰਡੀ 'ਚ ਬਣੇ ਕੂੜੇ ਦੇ ਡੰਪ ਕਰਕੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਮੰਡੀ 'ਚ ਬਾਬਾ ਖੇਤਰਪਾਲ ਮੰਦਰ, ਗਊਸ਼ਾਲਾ, ਗੈਸ ਏਜੰਸੀ ਤੇ ਕਈ ਦੁਕਾਨਾਂ ਹਨ। ਇੱਥੋਂ ਦਿਨ ਭਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਕੂੜੇ ਦੇ ਡੰਪ ਕਰਕੇ ਕੂੜਾ ਸੜਕਾਂ ਤੱਕ ਆਇਆ ਰਹਿੰਦਾ ਹੈ ਤੇ ਨੇੜਲੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬੈਠਣਾ ਵੀ ਔਖਾ ਹੋਇਆ ਪਿਆ ਹੈ। ਉੱਥੇ ਹੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਦੀ ਹੈ।
