ਹੱਥਕੜੀ ਲਗਾ ਅੰਦਰ ਦਾਖਲ ਹੁੰਦੇ ਹਨ ਲੋਕ, ਇਹ ਰੈਸਟੋਰੈਂਟ ਹੈ ਜਾਂ ਜੇਲ੍ਹ! ਪੰਜਾਬੀ ਮੁੰਡਾ ਲੈ ਆਇਆ ਵੱਖਰਾ Idea

05/22/2023 4:09:13 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਇਨ੍ਹੀ ਦਿਨੀਂ ਅੰਮ੍ਰਿਤਸਰ-ਗੁਰਦਾਸਪੁਰ ਹਾਈਵੇ 'ਤੇ ਸਥਿਤ ਇਕ ਰੈਸਟੋਰੈਂਟ ਲੋਕਾਂ ਖਾਸ ਤੌਰ 'ਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜੇਲ੍ਹਨੁਮਾ ਇਸ ਰੈਸਟੋਰੈਂਟ 'ਚ ਜਦੋਂ ਕੋਈ ਵੀ ਆਵੇ ਤਾਂ ਮੇਨ ਗੇਟ ਤੋਂ ਲੈ ਕੇ ਅੰਦਰ ਬੈਠਣ ਲਈ ਬਣੇ ਕੈਬਿਨ ਹਰ ਉਸ ਆਏ ਇਨਸਾਨ ਨੂੰ ਇਹ ਇਹਸਾਸ ਕਰਵਾਉਂਦੇ ਹਨ ਜਿਵੇਂ ਉਹ ਕਿਸੇ ਜੇਲ੍ਹ 'ਚ ਪਹੁੰਚ ਗਿਆ ਹੋਵੇ। ਹੋਰ ਤਾਂ ਹੋਰ ਇਸ ਜਗ੍ਹਾ 'ਤੇ ਆਉਣ ਵਾਲੇ ਗਾਹਕ ਨੂੰ ਜੇਕਰ ਉਸ ਦੀ ਮਰਜ਼ੀ ਹੈ ਤਾਂ ਉਸ ਨੂੰ ਹੱਥਕੜੀ ਲਗਾ ਕੇ ਅੰਦਰ ਲਿਜਾਇਆ ਜਾਂਦਾ ਹੈ, ਜਿਵੇਂ ਲੋਹੇ ਦੀਆਂ ਸਲਾਖਾਂ ਜੇਲ੍ਹ ਬੈਰਕ ਦੀਆਂ ਹੋਣ, ਉਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੈਰਕਾਂ 'ਚ ਬਿਠਾ ਦਿੱਤਾ ਜਾਂਦਾ ਹੈ। ਇਸ ਜਗ੍ਹਾ 'ਤੇ ਜੇਕਰ ਖਾਣੇ ਲਈ ਆਰਡਰ ਕਰਨਾ ਹੋਵੇ ਤਾਂ ਜੋ ਵੇਟਰ ਜਾਂ ਮੈਨੇਜਰ ਆਉਣਗੇ, ਉਹ ਵੀ ਕੈਦੀ ਜਾਂ ਫਿਰ ਜੇਲ੍ਹਰ ਦੀ ਵਰਦੀ 'ਚ ਹੀ ਦੇਖਣ ਨੂੰ ਮਿਲਦੇ ਹਨ।

ਇਹ ਵੀ ਪੜ੍ਹੋ : ਸੂਬੇ ਭਰ ਦੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅੱਜ ਕੰਮਕਾਜ ਰੱਖਣਗੇ ਠੱਪ, ਜਾਣੋ ਵਜ੍ਹਾ

ਰੈਸਟੋਰੈਂਟ ਦੇ ਮਾਲਕ ਗੁਰਕੀਰਤਨ ਸਿੰਘ ਹਨੀ ਜੋ ਬੀਐੱਸਸੀ ਨਰਸਿੰਗ ਕਰ ਚੁੱਕੇ ਹਨ, ਨੇ ਦੱਸਿਆ ਕਿ ਇਕ ਸ਼ੌਕ ਸੀ ਕਿ ਕੁਝ ਵੱਖਰਾ ਕੀਤਾ ਜਾਵੇ ਤਾਂ ਉਨ੍ਹਾਂ ਆਪਣੇ ਇਕ ਦੋਸਤ ਨਾਲ ਮਿਲ ਕੇ ਇਹ ਸੋਚ ਲਿਆਂਦੀ ਤੇ ਇਸ ਨੂੰ ਤਿਆਰ ਕਰਨ ਲਈ ਉਨ੍ਹਾਂ ਕੋਈ ਇੰਟੀਰੀਅਰ ਡਿਜ਼ਾਈਨਰ ਤੋਂ ਰਾਇ ਨਹੀਂ ਲਈ, ਬਲਕਿ ਖੁਦ ਸਾਰਾ ਆਪਣੀ ਸੋਚ ਨਾਲ ਤਿਆਰ ਕਰਵਾਇਆ ਤਾਂ ਜੋ ਆਉਣ ਵਾਲੇ ਹਰ ਇਕ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ। ਉਹ ਇਸ ਕੋਸ਼ਿਸ਼ 'ਚ ਸਫਲ ਵੀ ਹੋਏ ਤੇ ਅੱਜ ਦੂਰੋਂ-ਦੂਰੋਂ ਨੌਜਵਾਨ ਤੇ ਹੋਰ ਲੋਕ ਉਨ੍ਹਾਂ ਦੇ ਇਸ ਰੈਸਟੋਰੈਂਟ ਨੂੰ ਦੇਖਣ ਆਉਂਦੇ ਹਨ ਅਤੇ ਖਾਣੇ ਦੇ ਨਾਲ ਉਨ੍ਹਾਂ ਦੀ ਇਸ ਥੀਮ ਦੀ ਵੀ ਕਾਫੀ ਤਾਰੀਫ ਕਰਦੇ ਹਨ। ਇੱਥੇ ਪਹੁੰਚੇ ਕੁਝ ਨੌਜਵਾਨ ਗਾਹਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਇਹ ਇਕ ਵੱਖਰੀ ਤਰ੍ਹਾਂ ਦੀ ਥਾਂ ਹੈ, ਜਿੱਥੇ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਇੱਥੇ ਅਕਸਰ ਆਪਣੇ ਪਰਿਵਾਰਾਂ ਨਾਲ ਆਉਂਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News