ਹਫਤੇ ਬਾਅਦ ਵੀ ਰਜਿਸਟਰੀ ਲਈ 5-5 ਘੰਟੇ ਕਰਨਾ ਪੈ ਰਿਹਾ ਇੰਤਜ਼ਾਰ

Thursday, Jul 05, 2018 - 02:08 AM (IST)

ਅੰਮ੍ਰਿਤਸਰ,   (ਨੀਰਜ)-  ਰਜਿਸਟਰੀ ਦਫਤਰਾਂ ’ਚ ਆਨਲਾਈਨ ਸਿਸਟਮ ਸ਼ੁਰੂ ਕਰ ਕੇ ਆਪਣੇ ਮੂੰਹੋਂ ਆਪਣੀ ਹੀ ਵਾਹ-ਵਾਹੀ ਕਰਨ ਵਾਲੇ ਨੇਤਾਵਾਂ ਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਜਨਤਾ ਦੀ ਪ੍ਰੇਸ਼ਾਨੀ ਨਜ਼ਰ ਨਹੀਂ ਆ ਰਹੀ। ਮੌਜੂਦਾ ਹਾਲਾਤ ’ਚ ਅੰਮ੍ਰਿਤਸਰ ਦੇ ਰਜਿਸਟਰੀ ਦਫਤਰਾਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਨਵੇਂ ਸਿਸਟਮ ਨੂੰ ਲਾਗੂ ਹੋਏ ਇਕ ਹਫਤਾ ਹੋ ਚੁੱਕਾ ਹੈ ਪਰ ਰਜਿਸਟਰੀ ਕਰਵਾਉਣ ਲਈ ਲੋਕਾਂ ਨੂੰ 5-5 ਘੰਟੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੁਝ ਮਾਮਲਿਆਂ ’ਚ ਤਾਂ ਇਹ ਇੰਤਜ਼ਾਰ ਜ਼ਿਆਦਾ ਵੀ ਹੋ ਰਿਹਾ ਹੈ ਕਿਉਂਕਿ ਇਕ ਦਿਨ ਤੋਂ ਆਨਲਾਈਨ ਸਿਸਟਮ ਦਾ ਸਰਵਰ ਕੱਛੂਕੁੰਮੇ ਦੀ ਚਾਲ ਚੱਲ ਰਿਹਾ ਹੈ।
 ਰਜਿਸਟਰੀ ਦਫਤਰਾਂ ਵਿਚ ਆਏ ਲੋਕ ਜਿਥੇ ਸਰਕਾਰ ਦੇ ਆਨਲਾਈਨ ਸਿਸਟਮ ਕਰਨ ਦੇ ਫੈਸਲੇ ਨੂੰ ਕੋਸ ਰਹੇ ਹਨ ਤਾਂ ਦੂਜੇ ਪਾਸੇ ਰਜਿਸਟਰੀ ਦਫਤਰਾਂ ਵਿਚ ਬੈਠੇ ਸਬ-ਰਜਿਸਟਰਾਰ ਨੂੰ ਵੀ ਆਪਣੀ ਰਜਿਸਟਰੀ ਜਲਦੀ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ ਪਰ ਸਬ-ਰਜਿਸਟਰਾਰ ਲੋਕਾਂ ਨੂੰ ਆਪਣੀ ਮਜਬੂਰੀ ਦੱਸਦੇ ਹੋਏ ਸਰਵਰ ਠੱਪ ਹੋਣ ਦੀ ਦੁਹਾਈ ਦੇ ਰਹੇ ਹਨ। ਇਕ ਰਜਿਸਟਰੀ ਦਫਤਰ ਜਿਸ ਵਿਚ ਕਿਸੇ ਸਮੇਂ 200 ਤੋਂ ਵੱਧ ਰਜਿਸਟਰੀਆਂ ਹੋ ਜਾਂਦੀਆਂ ਸਨ, ਉਥੇ ਸਬ-ਰਜਿਸਟਰਾਰ ਮੁਸ਼ਕਿਲ ਨਾਲ 30 ਜਾਂ 35 ਰਜਿਸਟਰੀਆਂ ਹੀ ਕਰ ਰਹੇ ਹਨ, ਇਸ ਦੇ ਲਈ ਵੀ ਉਨ੍ਹਾਂ ਨੂੰ ਸ਼ਾਮ 5 ਵਜੇ ਤੋਂ ਬਾਅਦ ਕੰਮ ਕਰਨਾ ਪੈ ਰਿਹਾ ਹੈ, ਜਦੋਂ ਕਿ ਪੁਰਾਣੇ ਸਿਸਟਮ ਵਿਚ 2 ਘੰਟੇ ਵਿਚ 30 ਤੋਂ 35 ਰਜਿਸਟਰੀਆਂ ਹੋ ਜਾਇਆ ਕਰਦੀਆਂ ਸਨ।
 ਅਪੁਆਇੰਟਮੈਂਟ ਲੈਣ ਦੀ ਪ੍ਰਕਿਰਿਆ ਸਭ ਤੋਂ ਲੰਮੀ : ਰਜਿਸਟਰੀ ਦੀ ਅਪੁਆਇੰਟਮੈਂਟ ਲੈਣ ਲਈ ਆਮ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਿਚ ਵਸੀਕਾ ਨਵੀਸ ਵੀ ਬੁਰੀ ਤਰ੍ਹਾਂ ਪਿਸ ਰਹੇ ਹਨ। ਵਸੀਕਾ ਨਵੀਸਾਂ ਨੂੰ ਖਰੀਦਣ ਵਾਲੇ ਤੇ ਵੇਚਣ ਵਾਲਿਆਂ ਦੇ ਨਾਲ-ਨਾਲ ਗਵਾਹ ਤੱਕ ਦੀ ਆਈ. ਡੀ. ਅਤੇ ਹੋਰ ਦਸਤਾਵੇਜ਼ ਸਕੈਨ ਕਰਨੇ ਪੈਂਦੇ ਹਨ ਅਤੇ ਇਸ ਤੋਂ ਬਾਅਦ ਆਨਲਾਈਨ ਸਿਸਟਮ ਵਿਚ ਅਪੁਆਇੰਟਮੈਂਟ ਮਿਲਦੀ ਹੈ, ਜੇਕਰ ਇਕ ਵੀ ਵਿਅਕਤੀ ਦੇ ਦਸਤਾਵੇਜ਼ ਸਕੈਨ ਨਹੀਂ ਹੁੰਦੇ ਤਾਂ ਸਿਸਟਮ ਵਿਚ ਅਪੁਆਇੰਟਮੈਂਟ ਹੀ ਨਹੀਂ ਮਿਲਦੀ। ਇਸ ਪ੍ਰਕਿਰਿਆ ਵਿਚ ਵਸੀਕਾ ਨਵੀਸਾਂ ਨੂੰ ਇਕ ਤੋਂ ਦੋ ਘੰਟੇ ਦਾ ਸਮਾਂ ਲੱਗ ਰਿਹਾ ਹੈ।
 ਵਸੀਕਾ ਨਵੀਸਾਂ ਨੂੰ ਕੰਮ ਕਰਨ ਲਈ ਖਰਚਣੇ ਪੈ ਰਹੇ ਹਨ 40 ਤੋਂ 50 ਹਜ਼ਾਰ ਰੁਪਏ : ਅੰਮ੍ਰਿਤਸਰ ਤਹਿਸੀਲ ਦੇ ਰਜਿਸਟਰੀ ਦਫਤਰਾਂ ਵਿਚ ਕੰਮ ਕਰਨ ਲਈ ਵਸੀਕਾ ਨਵੀਸਾਂ ਨੂੰ ਆਨਲਾਈਨ ਸਿਸਟਮ ਲਈ ਆਪਣੀ ਜੇਬ ਤੋਂ 40 ਤੋਂ 50 ਹਜ਼ਾਰ ਰੁਪਏ ਦਾ ਖਰਚ ਕਰਨਾ ਪੈ ਰਿਹਾ ਹੈ ਕਿਉਂਕਿ ਆਨਲਾਈਨ ਸਿਸਟਮ ਤਹਿਤ ਸਾਰਾ ਕੰਮ ਕੰਪਿਊਟਰ ਅਤੇ ਸਕੈਨਰ ਜ਼ਰੀਏ ਹੋ ਰਿਹਾ ਹੈ, ਇਸ ਦੇ ਲਈ ਵਸੀਕਾ ਨਵੀਸਾਂ ਨੂੰ ਕੰਪਿਊਟਰ, ਸਕੈਨਰ ਦੇ ਨਾਲ-ਨਾਲ ਕੰਪਿਊਟਰ ਚਲਾਉਣ ਵਾਲਾ ਕਰਮਚਾਰੀ ਵੀ ਰੱਖਣਾ ਪੈ ਰਿਹਾ ਹੈ ਕਿਉਂਕਿ ਆਨਲਾਈਨ ਸਿਸਟਮ ਵਿਚ ਦਸਤਾਵੇਜ਼ਾਂ ਨੂੰ ਸਕੈਨ ਕਰਨ ਦਾ ਕੰਮ ਹਰ ਇਕ ਵਸੀਕਾ ਨਵੀਸ ਦੇ ਵੱਸ ਦੀ ਗੱਲ ਨਹੀਂ ਹੈ। ਇਸ ਹਾਲਤ ਵਿਚ ਕੁਝ ਵਸੀਕਾ ਨਵੀਸ ਕਰਜ਼ ਲੈ ਕੇ ਕੰਪਿਊਟਰ ਤੇ ਹੋਰ ਸਮੱਗਰੀ ਖਰੀਦ ਰਹੇ ਹਨ।
ਸਰਕਾਰ ਨਵੇਂ ਸਿਸਟਮ ਨੂੰ ਠੀਕ ਕਰੇ : ਰਜਿਸਟਰੀ ਦਫਤਰ ’ਚ ਆਏ ਰਜਿੰਦਰ ਸਿੰਘ ਵਾਸੀ ਕੋਟ ਹਰਨਾਮਦਾਸ ਨੇ ਦੱਸਿਆ ਕਿ ਸਰਕਾਰ ਨੂੰ ਨਵੇਂ ਸਿਸਟਮ ਵਿਚ ਸੁਧਾਰ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਸਾਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ।
 


Related News