ਰਜਿਸਟਰੀ ਕਰਵਾਉਣ ਵਾਲੇ ਦੇ ਮੋਬਾਇਲ ਦੀ ਵੱਜੇਗੀ ਘੰਟੀ, ਅੱਜ ਤੋਂ ਦੁਬਾਰਾ ਸ਼ੁਰੂ ਹੋਵੇਗਾ Hello DC
Friday, Jun 16, 2017 - 03:56 PM (IST)

ਜਲੰਧਰ (ਅਮਿਤ)— ਜਲੰਧਰ ਜ਼ਿਲੇ ਵਿਚ ਸ਼ੁੱਕਰਵਾਰ ਤੋਂ ਰਜਿਸਟਰੀ ਕਰਵਾਉਣ ਵਾਲਿਆਂ ਦੇ ਮੋਬਾਇਲ ਦੀ ਘੰਟੀ ਕਿਸੇ ਵੇਲੇ ਵੀ ਵੱਜ ਸਕਦੀ ਹੈ ਤੇ ਸਾਹਮਣਿਓਂ ਇਹ ਆਵਾਜ਼ ਸੁਣਾਈ ਦੇਵੇਗੀ ਕਿ ਡੀ. ਸੀ. ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ, ਜਿਸ ਤੋਂ ਬਾਅਦ ਰੋਜ਼ਾਨਾ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ 5 ਤੋਂ 6 ਵਿਅਕਤੀਆਂ ਨੂੰ ਫੋਨ ਕਰਕੇ ਰਜਿਸਟਰੇਸ਼ਨ ਪ੍ਰਕਿਰਿਆ ਕੰਮ ਕਰਵਾਉਣ ਦਾ ਅਨੁਭਵ ਤੇ ਭ੍ਰਿਸ਼ਟਾਚਾਰ ਆਦਿ ਦੇ ਬਾਰੇ ਰਾਏ ਲੈਣਗੇ। ਸੂਬੇ ਦੀ ਨਵੀਂ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ ਸੰਬੰਧੀ ਸੰਦੇਸ਼ ਸਮੂਹ ਅਧਿਕਾਰੀਆਂ ਤੱਕ ਬਹੁਤ ਸਪੱਸ਼ਟ ਤਰੀਕੇ ਨਾਲ ਪਹੁੰਚਾਇਆ ਗਿਆ ਹੈ ਤੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਕੁਝ ਸਾਕਾਰਾਤਮਕ ਕਦਮ ਤਾਂ ਇਸ ਦਿਸ਼ਾ ਵਿਚ ਪਹਿਲਾਂ ਤੋਂ ਹੀ ਚੁੱਕੇ ਜਾ ਰਹੇ ਸਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਦੌਰਾਨ ਕਿਸੇ ਰੁਕੇ ਹੋਏ ਕੁਝ ਕੰਮਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਮੁੱਖ ਤੌਰ 'ਤੇ ਇਕ ਕੰਮ ਜਿਸਨੂੰ ਸਾਬਕਾ ਡੀ. ਸੀ. ਕਮਲ ਕਿਸ਼ੋਰ ਯਾਦਵ ਨੇ ਜ਼ਿਲੇ ਵਿਚ ਸ਼ੁਰੂ ਕੀਤਾ ਸੀ, ਨੂੰ ਸ਼ੁੱਕਰਵਾਰ ਦੁਬਾਰਾ ਆਰੰਭ ਕੀਤਾ ਜਾ ਰਿਹਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਤਹਿਸੀਲ ਪੱਧਰ 'ਤੇ ਹੋਣ ਵਾਲੀ ਜਾਲਸਾਜ਼ੀ ਤੇ ਭ੍ਰਿਸ਼ਟਾਚਾਰ ਨੂੰ ਫੜਨ ਲਈ ਜੋ ਕੋਸ਼ਿਸ਼ ਸ਼ੁਰੂ ਕੀਤੀ ਗਈ ਤੇ ਜਿਸ ਨੂੰ ਹੈਲੋ ਡੀ. ਸੀ. ਦਾ ਨਾਂ ਦਿੱਤਾ ਗਿਆ ਸੀ, ਉਹ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਡੀ. ਸੀ. ਨੇ ਕਿਹਾ ਕਿ ਹੈਲੋ ਡੀ. ਸੀ. ਸ਼ੁਰੂ ਕਰਨ ਦੇ ਨਾਲ-ਨਾਲ ਆਮ ਜਨਤਾ ਕੋਲੋਂ ਫੀਡਬੈਕ ਵੀ ਲਿਆ ਜਾਵੇਗਾ ਤੇ ਮਿਲੇ ਸੁਝਾਵਾਂ ਦੇ ਆਧਾਰ 'ਤੇ ਰਜਿਸਟਰੇਸ਼ਨ ਪ੍ਰਕਿਰਿਆ ਵਿਚ ਸੁਧਾਰ ਲਿਆਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ ਤੇ ਜੇਕਰ ਸਭ ਕੁਝ ਠੀਕ-ਠਾਕ ਰਹਿੰਦਾ ਹੈ ਤਾਂ ਜਲਦੀ ਹੀ ਰਜਿਸਟਰੇਸ਼ਨ ਲਈ ਆਉਣ ਵਾਲੇ ਬਿਨੈਕਾਰਾਂ ਕੋਲੋਂ ਪੈਸਿਆਂ ਦੀ ਮੰਗ ਕਰਨ, ਜਾਣ-ਬੁਝ ਕੇ ਕੰਮ ਲਟਕਾਉਣ ਜਾਂ ਕਿਸੇ ਹੋਰ ਕਾਰਨ ਤੰਗ ਪ੍ਰੇਸ਼ਾਨ ਜਿਹੇ ਮਾਮਲਿਆਂ ਵਿਚ ਸੰਬੰਧਤ ਅਧਿਕਾਰੀਆਂ ਜਾਂ ਕਰਮਚਾਰੀਆਂ 'ਤੇ ਗਾਜ਼ ਵੀ ਡਿੱਗ ਸਕਦੀ ਹੈ।