ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ ਜਾਰੀ
Thursday, Jan 15, 2026 - 04:18 PM (IST)
ਜਲੰਧਰ (ਚੋਪੜਾ)-ਈਜ਼ੀ ਰਜਿਸਟ੍ਰੇਸ਼ਨ ਸਿਸਟਮ ’ਚ ਸਰਕਾਰ ਵੱਲੋਂ ਕੀਤਾ ਗਿਆ ਨਵਾਂ ਬਦਲਾਅ ਹੁਣ ਲਾਗੂ ਹੋ ਗਿਆ ਹੈ ਪਰ ਇਸ ਬਦਲਾਅ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਨਵੀਂ ਵਿਵਸਥਾ ਤਹਿਤ ਹੁਣ ਸਬ-ਰਜਿਸਟ੍ਰਾਰ ਦੇ ਸਿਸਟਮ ’ਚ ਉਦੋਂ ਤੱਕ ਅਗਲੀ ਅਪੁਆਇੰਟਮੈਂਟ ਵਿਖਾਈ ਨਹੀਂ ਦੇਵੇਗੀ, ਜਦੋਂ ਤੱਕ ਪਹਿਲਾਂ ਤੋਂ ਚੱਲ ਰਹੀ ਅਪੁਆਇੰਟਮੈਂਟ ਨਾਲ ਸਬੰਧਤ ਪੂਰੀ ਪ੍ਰਕਿਰਿਆ ਕੰਪਲੀਟ ਨਹੀਂ ਹੋ ਜਾਂਦੀ। ਇਸ ਦਾ ਸਿੱਧਾ ਅਸਰ ਇਹ ਹੋਇਆ ਕਿ ਸਬ-ਰਜਿਸਟ੍ਰਾਰ ਦਫ਼ਤਰਾਂ ’ਚ ਕੰਮ ਦੀ ਰਫ਼ਤਾਰ ਅਚਾਨਕ ਬੇਹੱਦ ਹੌਲੀ ਹੋ ਗਈ ਅਤੇ ਲੋਕਾਂ ਨੂੰ ਆਪਣੇ ਨਿਰਧਾਰਿਤ ਸਮੇਂ ਦੇ ਬਾਵਜੂਦ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ: ਪਰਗਟ ਸਿੰਘ ਨੇ ਘੇਰੀ 'ਆਪ', ਕਿਹਾ-ਪੰਜਾਬ ਦੇ ਸਰੋਤਾਂ ਦੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਲੁੱਟ
ਹੁਣ ਤੱਕ ਦੀ ਵਿਵਸਥਾ ਅਨੁਸਾਰ ਜਦੋਂ ਕਿਸੇ ਬਿਨੈਕਾਰ ਦੇ ਦਸਤਾਵੇਜ਼ ਆਨਲਾਈਨ ਅਪਰੂਵ ਹੋ ਜਾਂਦੇ ਸਨ ਤਾਂ ਉਹ ਈਜ਼ੀ ਰਜਿਸਟ੍ਰੇਸ਼ਨ ਪੋਰਟਲ ਦੇ ਮਾਧਿਅਮ ਨਾਲ ਅਪੁਆਇੰਟਮੈਂਟ ਲੈ ਕੇ ਨਿਰਧਾਰਿਤ ਸਮੇਂ ’ਤੇ ਸਬ-ਰਜਿਸਟ੍ਰਾਰ ਦਫ਼ਤਰ ਪਹੁੰਚਦਾ ਸੀ। ਉੱਥੇ ਟੋਕਨ ਲਗਵਾਉਣ ਤੋਂ ਬਾਅਦ ਖ਼ਰੀਦਦਾਰ, ਵਿਕਰੇਤਾ, ਗਵਾਹ ਅਤੇ ਨੰਬਰਦਾਰ ਦੇ ਨਾਲ ਦਸਤਾਵੇਜ਼ ਸਬ-ਰਜਿਸਟ੍ਰਾਰ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਸਨ। ਅਧਿਕਾਰੀ ਆਪਣੀ ਆਈ. ਡੀ. ’ਚ ਪਹਿਲਾਂ ਤੋਂ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਨਾਲ ਮਿਲਾਨ ਕਰਦਾ ਸੀ, ਫ਼ੋਟੋ ਲਈ ਜਾਂਦੀ ਸੀ ਅਤੇ ਫਿਰ ਦਸਤਾਵੇਜ਼ਾਂ ਦਾ ਪ੍ਰਿੰਟ ਕੱਢ ਕੇ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਨੀ, ਤਬਦੀਲ ਮਲਕੀਅਤ ਵਰਗੇ ਕਾਗਜ਼ਾਤਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਸੀ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਨੌਜਵਾਨ ’ਤੇ ਕੀਤੇ ਫਾਇਰ
ਇਸ ਪ੍ਰਕਿਰਿਆ ਦੌਰਾਨ ਸਬ-ਰਜਿਸਟ੍ਰਾਰ ਦੀ ਆਈ. ਡੀ. ’ਚ ਅਗਲੀ ਅਪੁਆਇੰਟਮੈਂਟ ਪਹਿਲਾਂ ਤੋਂ ਵਿਖਾਈ ਦਿੰਦੀ ਰਹਿੰਦੀ ਸੀ, ਜਿਸ ਨਾਲ ਇਕ ਕੇਸ ਦੇ ਨਿਪਟਾਰੇ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਹੀ ਦੂਜੇ ਕੇਸ ’ਤੇ ਕੰਮ ਸ਼ੁਰੂ ਕੀਤਾ ਜਾ ਸਕਦਾ ਸੀ। ਇਸ ਨਾਲ ਦਫ਼ਤਰ ’ਚ ਇਕ ਤਰ੍ਹਾਂ ਦਾ ਫਲੋਅ ਬਣਿਆ ਰਹਿੰਦਾ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਕੰਮ ਇਕ ਹੀ ਦਿਨ ’ਚ ਨਿਪਟਾਇਆ ਜਾ ਸਕਦਾ ਸੀ ਪਰ ਨਵੀਂ ਵਿਵਸਥਾ ’ਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਖ਼ਰੀਦਦਾਰ ਅਤੇ ਵਿਕਰੇਤਾ ਦੋਵਾਂ ਦੇ ਆਧਾਰ ਨਾਲ ਜੁੜੇ ਮੋਬਾਇਲ ਨੰਬਰ ’ਤੇ ਓ. ਟੀ. ਪੀ. ਭੇਜਿਆ ਜਾਵੇਗਾ। ਜਦੋਂ ਤੱਕ ਦੋਵੇਂ ਧਿਰਾਂ ਉਸ ਓ. ਟੀ. ਪੀ. ਨੂੰ ਦਰਜ ਨਹੀਂ ਕਰਨਗੀਆਂ, ਉਦੋਂ ਤੱਕ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਨਹੀਂ ਮੰਨੀ ਜਾਵੇਗੀ, ਜਿਸ ਉਪਰੰਤ ਡਾਕੂਮੈਂਟ ਨੂੰ ਲੈ ਕੇ ਅਧਿਕਾਰੀ, ਖ਼ਰੀਦਦਾਰ, ਵਿਕਰੇਤਾ, ਗਵਾਹਾਂ, ਨੰਬਰਦਾਰ ਦੀ ਤਸਵੀਰ ਸਹਿਤ ਦਸਤਾਵੇਜ਼ ਦੇ ਪ੍ਰਿੰਟ ਨਿਕਲਣ ਤੱਕ ਅਧਿਕਾਰੀ ਦੀ ਆਈ. ਡੀ. ’ਤੇ ਅਗਲਾ ਕੇਸ ਸ਼ੋਅ ਨਹੀਂ ਹੋਇਆ ਕਰੇਗਾ।
ਅਜਿਹੇ ’ਚ ਇਕ ਹੀ ਰਜਿਸਟਰੀ ਨੂੰ ਪੂਰਾ ਕਰਨ ’ਚ ਕਾਫ਼ੀ ਸਮਾਂ ਲੱਗ ਰਿਹਾ ਹੈ। ਜਦੋਂ ਤੱਕ ਕਿਸੇ ਇਕ ਬਿਨੈਕਾਰ ਦਾ ਕੰਮ ਕੰਪਲੀਟ ਨਹੀਂ ਹੋ ਜਾਂਦਾ, ਉਦੋਂ ਤੱਕ ਸਬ-ਰਜਿਸਟ੍ਰਾਰ ਅਗਲੇ ਕੇਸ ’ਤੇ ਕੰਮ ਵੀ ਸ਼ੁਰੂ ਨਹੀਂ ਕਰ ਸਕਦਾ ਕਿਉਂਕਿ ਉਸਦੀ ਆਈ. ਡੀ. ’ਚ ਅਗਲੀ ਅਪੁਆਇੰਟਮੈਂਟ ਉਦੋਂ ਤੱਕ ਸ਼ੋਅ ਹੀ ਨਹੀਂ ਹੁੰਦੀ ਜਦੋਂ ਤੱਕ ਮੌਜੂਦਾ ਕੇਸ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert
ਇਸੇ ਕਾਰਨ ਬੀਤੇ ਦਿਨ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਸਬ-ਰਜਿਸਟ੍ਰਾਰ ਦਫ਼ਤਰਾਂ ’ਚ ਕੰਮਕਾਜ ਬੇਹੱਦ ਹੌਲੀ ਰਿਹਾ। ਇਸ ਨਾਲ ਸਬ-ਰਜਿਸਟ੍ਰਾਰ-1 ਅਤੇ ਸਬ-ਰਜਿਸਟ੍ਰਾਰ-2 ਦਫ਼ਤਰਾਂ ’ਚ ਗਹਿਮਾ-ਗਹਿਮੀ ਅਤੇ ਨਾਰਾਜ਼ਗੀ ਦਾ ਮਾਹੌਲ ਬਣਿਆ ਰਿਹਾ। ਵਕੀਲਾਂ ਅਤੇ ਡੀਡ ਰਾਈਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਸਟਮ ਲਾਗੂ ਕਰਨ ਤੋਂ ਪਹਿਲਾਂ ਇਸਦੀਆਂ ਤਕਨੀਕੀ ਅਤੇ ਵਿਵਹਾਰਿਕ ਤਿਆਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ। ਜੇਕਰ ਇਕ ਕੇਸ ਦੇ ਅਟਕਣ ਨਾਲ ਪੂਰਾ ਦਫ਼ਤਰ ਠੱਪ ਹੋ ਜਾਵੇ, ਤਾਂ ਇਸ ਨਾਲ ਨਾ ਕੇਵਲ ਜਨਤਾ ਪ੍ਰੇਸ਼ਾਨ ਹੋਵੇਗੀ ਪਰ ਸਰਕਾਰੀ ਕੰਮਕਾਜ ਦਾ ਅਕਸ ਵੀ ਖ਼ਰਾਬ ਹੋਵੇਗਾ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਸਿਸਟਮ ਦੀ ਸਮੀਖਿਆ ਕਰੇ ਅਤੇ ਅਜਿਹੀ ਵਿਵਸਥਾ ਬਣਾਏ ਜਿਸ ’ਚ ਸੁਰੱਖਿਆ ਅਤੇ ਪਾਰਦਰਸ਼ਤਾ ਤਾਂ ਬਣੀ ਰਹੇ, ਪਰ ਆਮ ਜਨਤਾ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਝੱਲਣੀ ਪਵੇ।
ਕੜਾਕੇ ਦੀ ਠੰਢ ਨੇ ਵੀ ਠੰਢਾ ਕੀਤਾ ਸਬ-ਰਜਿਸਟ੍ਰਾਰ ਦਫ਼ਤਰਾਂ ਦਾ ਕੰਮਕਾਜ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਵੀ ਸਬ-ਰਜਿਸਟ੍ਰਾਰ ਦਫ਼ਤਰਾਂ ਦਾ ਕੰਮਕਾਜ ਠੰਢਾ ਕਰ ਦਿੱਤਾ ਹੈ। ਸਬ-ਰਜਿਸਟ੍ਰਾਰ-1 ਦਫ਼ਤਰ ਦੀ ਹੀ ਗੱਲ ਕਰੀਏ ਤਾਂ ਜਿੱਥੇ ਅਕਸਰ ਰੋਜ਼ਾਨਾ 100 ਤੋਂ ਵੱਧ ਦਸਤਾਵੇਜ਼ਾਂ ਨੂੰ ਅਪਰੂਵਲ ਪਾਉਣ ਲਈ ਆਨਲਾਈਨ ਅਪੁਆਇੰਟਮੈਂਟ ਲਈ ਜਾਂਦੀ ਰਹੀ ਹੈ, ਉੱਥੇ ਹੀ ਬੀਤੇ ਦਿਨ 54 ਅਪੁਆਇੰਟਮੈਂਟ ਲਈ ਗਈ ਹੈ। ਸਬ-ਰਜਿਸਟ੍ਰਾਰ ਦਮਨਵੀਰ ਸਿੰਘ ਨੇ ਦੱਸਿਆ ਕਿ 54 ਵਿਚੋਂ 51 ਡਾਕੂਮੈਂਟ ਨੂੰ ਅਪਰੂਵਲ ਦਿੱਤੀ ਗਈ ਹੈ। ਉੱਥੇ ਹੀ ਸਬ-ਰਜਿਸਟ੍ਰਾਰ-2 ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ’ਚ 39 ਆਨਲਾਈਨ ਅਪੁਆਇੰਟਮੈਂਟ ਲਈ ਗਈ ਸੀ, ਜਿਸ ਵਿਚੋਂ ਸਾਰੇ 39 ਡਾਕੂਮੈਂਟ ਰਜਿਸਟਰਡ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
