ਚਾਲੀ ਮੁਕਤਿਆਂ ਦੀ ਯਾਦ ''ਚ ਮਾਘੀ ਜੋੜ ਮੇਲਾ ਕੱਲ੍ਹ ਤੋਂ, ਸ੍ਰੀ ਮੁਕਤਸਰ ਸਾਹਿਬ ਵਿਖੇ ਸੰਗਤ ਦੀ ਆਮਦ ਸ਼ੁਰੂ

Tuesday, Jan 13, 2026 - 05:50 PM (IST)

ਚਾਲੀ ਮੁਕਤਿਆਂ ਦੀ ਯਾਦ ''ਚ ਮਾਘੀ ਜੋੜ ਮੇਲਾ ਕੱਲ੍ਹ ਤੋਂ, ਸ੍ਰੀ ਮੁਕਤਸਰ ਸਾਹਿਬ ਵਿਖੇ ਸੰਗਤ ਦੀ ਆਮਦ ਸ਼ੁਰੂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਦਸਮ‌ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ 'ਚ ਕੱਲ੍ਹ ਤੋਂ ਮਾਘੀ ਜੋੜ ਮੇਲਾ ਅਰੰਭ ਹੋ ਜਾਵੇਗਾ। ਰਵਾਇਤੀ ਤੌਰ 'ਤੇ ਇਹ ਮੇਲਾ 14 ਤੇ 15 ਜਨਵਰੀ ਦੋ ਦਿਨ ਚਲੇਗਾ ਪਰ ਮਲੋਟ ਰੋਡ 'ਤੇ ਮਨੋਰੰਜਨ ਮੇਲੇ ਦੇ ਕਾਰਨ ਕਰੀਬ ਦੋ ਮਹੀਨੇ ਤੱਕ ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਦੀ ਰੌਣਕ ਲੱਗੀ ਰਹਿੰਦੀ ਹੈ। ਅੱਜ ਤੋਂ ਹੀ ਸ੍ਰੀ ਮੁਕਤਸਰ ਸਾਹਿਬ 'ਚ ਚਾਲੀ ਮੁਕਤਿਆਂ ਨੂੰ ਨਮਨ ਕਰਨ ਲਈ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸੰਗਤ ਲੋਹੜੀ ਦੀ ਰਾਤ ਤੋਂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀ ਹੈ, ਪਰ ਬੁੱਧਵਾਰ ਦੀ ਸਵੇਰ 4 ਵਜੇ ਤੋਂ ਹੀ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸਾਹਿਬ ਉਮੜੇਗੀ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਕੇ ਚਾਲੀ ਮੁਕਤਿਆਂ ਨੂੰ ਨਮਨ ਕਰੇਗੀ।

ਦੱਸਣਯੋਗ ਹੈ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਪਿਛਲੇ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਜਿਨ੍ਹਾਂ ਦਾ ਭੋਗ 14 ਜਨਵਰੀ ਮਾਘੀ ਵਾਲੇ ਦਿਨ ਸਵੇਰੇ ਸਾਢੇ ਸੱਤ ਵਜੇ ਪਾਇਆ ਜਾਵੇਗਾ। ਉੱਥੇ ਹੀ ਲੱਖਾਂ ਦੀ ਗਿਣਤੀ 'ਚ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ਼ਹੀਦ ਗੰਜ ਸਾਹਿਬ ਸਮੇਤ ਹੋਰ ਗੁਰਦੁਆਰਿਆਂ 'ਚ ਨਤਮਸਤਕ ਹੋਵੇਗੀ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਨਿਰਮਲਜੀਤ ਸਿੰਘ ਨੇ ਦੱਸਿਆ ਕਿ 13 ਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ 'ਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ 'ਚ ਰਾਗੀ, ਢਾਡੀ ਜਥੇ ਤੇ ਵਿਦਵਾਨ ਗੁਰੂ ਜਸ ਦਾ ਗੁਣਗਾਨ ਕਰਨਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ 'ਚ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਤੇ ਇਸੇ ਦਿਨ ਗੁਰਦੁਆਰਾ ਤੰਬੂ ਸਾਹਿਬ 'ਚ 11 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਦੌਰਾਨ ਇੱਛੁਕ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ। ਇਸੇ ਦਿਨ ਨਗਰ ਕੀਰਤਨ ਸਜਾਏ ਜਾਣਗੇ ਤੇ ਮੇਲਾ ਮਾਘੀ ਰਵਾਇਤੀ ਤੌਰ 'ਤੇ ਸੰਪੰਨ ਹੋ ਜਾਵੇਗਾ। ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 4 ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸ਼ਹਿਰ ਦੇ ਇਤਿਹਾਸਿਕ ਗੁਰੂ ਘਰ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣਗੇ।


author

Anmol Tagra

Content Editor

Related News