ਛੇਵੀਂ ਜਮਾਤ ’ਚ ਦਾਖ਼ਲਾ ਪ੍ਰੀਖਿਆ ਲਈ 13 ਅਗਸਤ ਤੱਕ ਹੋਵੇਗੀ ਰਜਿਸਟ੍ਰੇਸ਼ਨ

Thursday, Jul 31, 2025 - 11:07 AM (IST)

ਛੇਵੀਂ ਜਮਾਤ ’ਚ ਦਾਖ਼ਲਾ ਪ੍ਰੀਖਿਆ ਲਈ 13 ਅਗਸਤ ਤੱਕ ਹੋਵੇਗੀ ਰਜਿਸਟ੍ਰੇਸ਼ਨ

ਮਾਨਸਾ (ਮਨਜੀਤ ਕੌਰ) : ਪੀ. ਐੱਮ. ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿੱਦਿਆਲਿਆ, ਫਫੜੇ ਭਾਈ ਕੇ ਵਿਖੇ ਸੈਸ਼ਨ 2026-27 ਲਈ ਜਮਾਤ ਛੇਵੀਂ ’ਚ ਦਾਖ਼ਲੇ ਲਈ 13 ਦਸੰਬਰ 2025 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ, ਦਾਖ਼ਲਾ ਫਾਰਮ ਭਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਸੀ। ਇਸ ਨੂੰ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਵਧਾ ਕੇ 13 ਅਗਸਤ, 2025 ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕੁਸੁਮ ਗੁਪਤਾ ਨੇ ਦੱਸਿਆ ਕਿ ਦਾਖ਼ਲਾ ਫਾਰਮ ਨਵੋਦਿਆ ਵਿੱਦਿਆਲਿਆ ਸਮਿਤੀ ਦੀ ਵੈੱਬਸਾਈਟ ’ਤੇ ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ।

ਫਾਰਮ ਭਰਨ ਸਮੇਂ ਵਿਦਿਆਰਥੀ ਦੀ ਫੋਟੋ, ਆਧਾਰ ਕਾਰਡ, ਰਿਹਾਇਸ਼ ਦਾ ਪ੍ਰਮਾਣ ਪੱਤਰ, ਬੱਚੇ ਦੇ ਹਸਤਾਖਰ ਅਤੇ ਮਾਤਾ ਪਿਤਾ ਦੇ ਹਸਤਾਖਰ ਅਪਲੋਡ ਹੋਣਗੇ। ਉਨ੍ਹਾਂ ਦੱਸਿਆ ਕਿ ਜਮਾਤ ਛੇਵੀਂ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਮਾਨਸਾ ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਿਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ’ਚ ਸਾਲ 2025-26 ਦੌਰਾਨ ਜਮਾਤ ਪੰਜਵੀਂ ’ਚ ਪੜ੍ਹਦਾ ਹੋਵੇ ਅਤੇ ਉਸ ਨੇ ਤੀਜੀ ਜਮਾਤ 2023-24, ਚੌਥੀ ਜਮਾਤ 2024-25 ਦੌਰਾਨ ਪੂਰਾ ਸੈਸ਼ਨ ਲਗਾ ਕੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ। ਵਿਦਿਆਰਥੀ ਦੀ ਉਮਰ ਹੱਦ 01 ਮਈ 2014 ਤੋਂ 31 ਜੁਲਾਈ 2016 ਦੇ ਵਿਚਕਾਰ ( ਦੋਵੇਂ ਮਿਤੀਆਂ ਮਿਲਾ ਕੇ) ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9478547460 ’ਤੇ ਦਫ਼ਤਰ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।


author

Babita

Content Editor

Related News