ਨੰਦਗੜ੍ਹੀਆ ਪਰਿਵਾਰ ਨੇ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

Wednesday, Mar 11, 2026 - 10:35 PM (IST)

ਨੰਦਗੜ੍ਹੀਆ ਪਰਿਵਾਰ ਨੇ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

ਮਾਨਸਾ (ਸੰਦੀਪ ਮਿੱਤਲ) : ਸਿਵਲ ਸਰਵਿਸ ਵੱਕਾਰੀ ਪ੍ਰੀਖਿਆ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਵੱਲੋਂ ਦੇਸ਼ ਭਰ 'ਚੋਂ 136ਵਾਂ ਰੈਂਕ ਲੈ ਕੇ ਉਪਲਬਧੀ ਹਾਸਲ ਕੀਤੇ ਜਾਣ ਤੇ ਉਸ ਨੂੰ ਉੱਘੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਬਲਵੀਰ ਸਿੰਘ ਦੰਦੀਵਾਲ ਨੰਦਗੜ੍ਹ, ਗੁਰਪਾਲ ਸਿੰਘ ਦੰਦੀਵਾਲ, ਅਜੈਬ ਸਿੰਘ ਦੰਦੀਵਾਲ, ਗੁਰਵਿੰਦਰ ਨੰਦਗੜ੍ਹੀਆ, ਸੁਰੇਸ਼ ਨੰਦਗੜ੍ਹੀਆ, ਹੋਰ ਆਗੂਆਂ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਗਈ।

ਮਨਪ੍ਰੀਤ ਕੌਰ ਨੇ ਪੇਂਡੂ ਖੇਤਰ ਵਿੱਚੋਂ ਪੜ੍ਹਾਈ ਕਰ ਕੇ ਇਸ ਉੱਚ ਪੱਧਰੀ ਪ੍ਰੀਖਿਆ ਵਿੱਚ ਜੋ ਮਾਰਕਾ ਮਾਰਿਆ ਹੈ।ਉਸ ਦੇ ਚੁਫੇਰਿਓਂ ਪ੍ਰਸ਼ੰਸ਼ਾ ਹੋ ਰਹੀ ਹੈ। ਉਹ ਇੱਕ ਕਿਸਾਨ ਸੁਖਦੇਵ ਸਿੰਘ ਦੀ ਧੀ ਹੈ। ਉਸ ਨੂੰ ਸਨਮਾਨਿਤ ਕਰਦਿਆਂ ਕਾਂਗਰਸੀ ਆਗੂ ਬਲਵੀਰ ਸਿੰਘ ਦੰਦੀਵਾਲ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਉਪਲਬਧੀ ਮਾਣ, ਗੌਰਵ ਅਤੇ ਹੋਂਸਲੇ ਨਾਲ ਭਰੀ ਹੋਈ ਹੈ। ਜਿਸ ਨੇ ਸਾਬਿਤ ਕਰ ਦਿੱਤਾ ਕਿ ਧੀਆਂ ਕਿਸੇ ਗੱਲੋਂ ਘੱਟ ਨਹੀਂ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਵੱਡੇ ਮੁਕਾਬਲੇ ਨਾਲ ਹੋਣ ਵਾਲੀ ਇਹ ਪ੍ਰੀਖਿਆ ਪਾਸ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮਨਪ੍ਰੀਤ ਕੌਰ ਧਲੇਵਾਂ ਨੇ ਤਾਂ ਇਸ ਵਿੱਚ ਉੱਚਾ ਰੈਂਕ ਲੈ ਕੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੂੰ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਸਾਡੇ ਜ਼ਿਲ੍ਹੇ, ਇਲਾਕੇ ਦੀ ਮਾਣ-ਮੱਤੀ ਧੀ ਹੈ। 

ਉਨ੍ਹਾਂ ਕਿਹਾ ਕਿ ਮਨਪ੍ਰੀਤ ਕੌਰ ਨੇ ਪੰਜਾਬ, ਇਲਾਕੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਆਸ ਹੈ ਕਿ ਉਹ ਭਵਿੱਖ ਵਿੱਚ ਵੱਡੀ ਅਫਸਰ ਬਣ ਕੇ ਲੋਕਾਂ ਦੀ ਸੇਵਾ ਅਤੇ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਕਰੇਗੀ। ਦੰਦੀਵਾਲ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ ਅਤੇ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਵੀ ਮਨਪ੍ਰੀਤ ਕੌਰ ਅਤੇ ਉਸ ਦੀ ਉਪਲਬਧੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸੁਰੇਸ਼ ਕੁਮਾਰ ਨੰਦਗੜ੍ਹੀਆ ਨੇ ਕਿਹਾ ਕਿ ਇਸ ਬੱਚੀ ਦੀ ਜਿਨ੍ਹੀ ਵੀ ਸਲਾਘਾ ਕੀਤੀ ਜਾਵੇ, ਉਨੀ ਹੀ ਥੋੜ੍ਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News