ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰੀ ਲਈ ਪੁਲਸ ਕਰ ਰਹੀ ਭਾਲ

Friday, Nov 04, 2022 - 01:01 PM (IST)

ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰੀ ਲਈ ਪੁਲਸ ਕਰ ਰਹੀ ਭਾਲ

ਜ਼ੀਰਕਪੁਰ (ਗੁਰਪ੍ਰੀਤ) : ਤਲਾਕਸ਼ੁਦਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਾਂਚ ਅਧਿਕਾਰੀ ਥਾਣੇਦਾਰ ਨਿਰਮਲ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੈਕਟਰ-35ਡੀ ਨਿਵਾਸੀ ਰਾਹੁਲ ਅਰੋੜਾ ਉਰਫ਼ ਰਾਜਾ ਵਜੋਂ ਹੋਈ ਹੈ, ਜੋ ਕਿ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਹ ਜ਼ੀਰਕਪੁਰ ਸਥਿਤ ਆਪਣੇ ਫਲੈਟ 'ਚ ਇਕੱਲੀ ਰਹਿੰਦੀ ਹੈ। ਕੁੱਝ ਮਹੀਨੇ ਪਹਿਲਾਂ ਉਕਤ ਮੁਲਜ਼ਮ ਨਾਲ ਉਸ ਦੀ ਮੁਲਾਕਾਤ ਹੋਈ। ਉਹ ਅਕਸਰ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦਾ ਸੀ। 6 ਅਕਤੂਬਰ ਨੂੰ ਮੁਲਜ਼ਮ ਰਾਹੁਲ ਅਰੋੜਾ ਉਰਫ਼ ਰਾਜਾ ਕਿਸੇ ਬਹਾਨੇ ਉਸ ਦੇ ਫਲੈਟ 'ਚ ਆਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਸ ਦੇ ਨਾਲ ਹੀ ਕਿਹਾ ਕਿ ਉਹ ਇਸ ਸਬੰਧੀ ਕਿਸੇ ਨੂੰ ਨਾ ਦੱਸੇ ਕਿਉਂਕਿ ਉਹ ਜਲਦੀ ਹੀ ਉਸ ਨਾਲ ਵਿਆਹ ਕਰਵਾ ਲਵੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਔਰਤ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਜਦੋਂ ਉਸ ਨੂੰ ਵਿਆਹ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 


author

Babita

Content Editor

Related News