ਦਿਨ-ਦਿਹਾੜੇ ਨੌਜਵਾਨ ਅਗਵਾ! ਜ਼ਬਰਦਸਤੀ ਗੱਡੀ 'ਚ ਬਿਠਾ ਕੇ ਲੈ ਗਏ ਮੁਲਜ਼ਮ
Friday, Sep 04, 2026 - 08:39 PM (IST)
ਸਾਹਨੇਵਾਲ (ਬਲਜੀਤ)– ਥਾਣਾ ਸਾਹਨੇਵਾਲ ਅਧੀਨ ਪੈਂਦੇ ਨਵਾਂ ਪਿੰਡ ਕੋਟਲਾ ਅਫਗਾਨਾ ਰੋਡ ਇਲਾਕੇ ਵਿੱਚ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਸਕੋਰਪੀਓ ਗੱਡੀ ਵਿਚ ਜ਼ਬਰਦਸਤੀ ਬਿਠਾ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਕਈ ਨਾਮਜ਼ਦ ਵਿਅਕਤੀਆਂ ਸਮੇਤ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਬਾਗ ਹੁਸੈਨ ਪੁੱਤਰ ਮੁਹੰਮਦ ਸਦੀਕ ਵਾਸੀ ਬੈਕ ਸਾਈਡ ਨਿਹਾਲ ਫੈਕਟਰੀ, ਨਵਾਂ ਪਿੰਡ ਰੋਡ ਲੁਧਿਆਣਾ ਨੇ ਦੱਸਿਆ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ। ਉਸ ਅਨੁਸਾਰ 1 ਸਤੰਬਰ ਦੀ ਸਵੇਰ ਕਰੀਬ 9 ਵਜੇ ਉਹ ਅਤੇ ਉਸ ਦਾ ਕਰੀਬ 30 ਸਾਲਾ ਭਰਾ ਸੱਦਾਮ ਹੁਸੈਨ ਆਪਣੇ ਘਰ ਨੇੜੇ ਪਲਾਟਾਂ ਵਿੱਚ ਮੱਝਾਂ ਚਰਾ ਰਹੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਪਿੰਡ ਕੋਟਲਾ ਅਫਗਾਨਾ ਰੋਡ ਵਾਲੇ ਪਾਸੇ ਤੋਂ ਇੱਕ ਸਕੋਰਪੀਓ ਗੱਡੀ ਵਿੱਚ ਕੁਝ ਵਿਅਕਤੀ ਉੱਥੇ ਪਹੁੰਚੇ। ਕਥਿਤ ਤੌਰ ’ਤੇ ਉਕਤ ਵਿਅਕਤੀਆਂ ਨੇ ਉਸ ਦੇ ਭਰਾ ਸੱਦਾਮ ਹੁਸੈਨ ਨੂੰ ਧੱਕੇ ਨਾਲ ਫੜਿਆ ਅਤੇ ਜ਼ਬਰਦਸਤੀ ਸਕੋਰਪੀਓ ਗੱਡੀ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਪੰਮਾ ਮੁਸਤਫ਼ਾ ਪੁੱਤਰ ਸਦੀਕ ਹੁਸੈਨ ਵਾਸੀ ਪਿੰਡ ਰਾਮਪੁਰ, ਆਸ਼ਿਕ ਅਲੀ ਪੁੱਤਰ ਇਬਰਾਹਿਮ ਵਾਸੀ ਪਿੰਡ ਭੌਰਾ ਜ਼ਿਲ੍ਹਾ ਨਵਾਂਸ਼ਹਿਰ, ਤਾਜਦੀਨ, ਲਿਆਕਤ ਅਲੀ ਪੁੱਤਰ ਯੂਸਫ਼ ਵਾਸੀ ਕਨੇਚ ਰੋਡ ਸਾਹਨੇਵਾਲ, ਜਾਕਰ ਹੁਸੈਨ, ਮਾਮ ਹੁਸੈਨ, ਅਰਮਾਨ ਪੁੱਤਰ ਆਸਮ ਅਲੀ ਵਾਸੀ ਪਿੰਡ ਮਾਹਲੋ ਜ਼ਿਲ੍ਹਾ ਨਵਾਂਸ਼ਹਿਰ, ਮੁਹੰਮਦ ਸ਼ਰੀਫ਼ ਪੁੱਤਰ ਯਾਮੀਨ ਵਾਸੀ ਕੁਹਾੜਾ ਰੋਡ ਲੁਧਿਆਣਾ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐਨਐਸ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਾਹਨੇਵਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ ’ਤੇ ਅਗਵਾ ਕੀਤੇ ਗਏ ਨੌਜਵਾਨ ਦੀ ਭਾਲ ਲਈ ਅਗਲੇਰੀ ਕਾਰਵਾਈ ਜਾਰੀ ਹੈ।
