ਲੁਧਿਆਣਾ: ਗੱਡੀ ਵਿਚ ਡੀਜ਼ਲ ਦੀ ਜਗ੍ਹਾ ਪੈਟਰੋਲ ਪਾਇਆ ਤਾਂ ਚੱਲ ਗਈਆਂ ਗੋਲ਼ੀਆਂ!

Wednesday, Sep 02, 2026 - 02:40 PM (IST)

ਲੁਧਿਆਣਾ: ਗੱਡੀ ਵਿਚ ਡੀਜ਼ਲ ਦੀ ਜਗ੍ਹਾ ਪੈਟਰੋਲ ਪਾਇਆ ਤਾਂ ਚੱਲ ਗਈਆਂ ਗੋਲ਼ੀਆਂ!

ਲੁਧਿਆਣਾ (ਰਾਜ): ਆਰਤੀ ਚੌਕ ਸਥਿਤ ਕੁਬੇਰ ਪੈਟ੍ਰੋਲ ਪੰਪ 'ਤੇ ਡੀਜ਼ਲ ਦੀ ਜਗ੍ਹਾ ਪੈਟ੍ਰੋਲ ਪਾਉਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਮਗਰੋਂ ਸ਼ਰੇਆਮ ਗੋਲ਼ੀਆਂ ਚੱਲਣ ਅਤੇ ਗੱਡੀਆਂ ਦੀ ਭੰਨਤੋੜ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡੀਜ਼ਲ ਗੱਡੀ ਵਿਚ ਗਲਤੀ ਨਾਲ ਪੈਟਰੋਲ ਪਾਉਣ ਮਗਰੋਂ ਸ਼ੁਰੂ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਦੂਜੀ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਸ਼ਰੇਆਮ ਹਵਾਈ ਫ਼ਾਇਰ ਕਰ ਦਿੱਤਾ। ਇੰਨਾ ਹੀ ਨਹੀਂ, ਵਾਰਦਾਤ ਦੇ ਤਕਰੀਬਨ ਸਵਾ ਘੰਟੇ ਬਾਅਦ ਮੁਲਜ਼ਮ ਦੁਬਾਰਾ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਪੈਟਰੋਲ ਪੰਪ 'ਤੇ ਖੜ੍ਹੀ ਗੱਡੀ ਦੇ ਪਰਖੱਚੇ ਉਡਾ ਦਿੱਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਮੌਕੇ 'ਤੇ ਪਹੁੰਚੀ।  ਪੁਲਸ ਨੇ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੈਟਰੋਲ ਪੰਪ ਮਾਲਕ ਰਾਜੂ ਸ਼ਰਮਾ ਵਾਸੀ ਟੈਗੋਰ ਨਗਰ ਸਿਵਲ ਲਾਈਨਸ ਨੇ ਦੱਸਿਆ ਕਿ ਉਨ੍ਹਾਂ ਦਾ ਆਰਤੀ ਚੌਕ 'ਤੇ ਕੁਬੇਰ ਪੈਟ੍ਰੋਲ ਪੰਪ ਹੈ, ਜੋ 24 ਘੰਟੇ ਖੁੱਲ੍ਹਾ ਰਹਿੰਦਾ ਹੈ। 29 ਅਗਸਤ ਨੂੰ ਤੜਕੇ ਤਕਰੀਬਨ 2.15 ਵਜੇ ਇਕ ਫਾਕਸਵੈਗਨ ਵੈਂਟੋ ਕਾਰ ਉਨ੍ਹਾਂ ਦੇ ਪੰਪ ਤੋਂ ਡੀਜ਼ਲ ਭਰਵਾਉਣ ਆਈ। ਪੰਪ ਮੁਲਾਜ਼ਮ ਨੇ ਗਲਤੀ ਨਾਲ ਉਸ ਵਿਚ ਪੈਟਰੋਲ ਪਾ ਦਿੱਤਾ, ਜਿਸ 'ਤੇ ਕਾਰ ਚਾਲਕ ਉਸ ਨਾਲ ਬਹਿਸ ਕਰਨ ਲੱਗ ਪਿਆ ਤੇ ਉਸੇ ਦੌਰਾਨ ਦਿੱਲੀ ਨੰਬਰ ਦੀ ਇਕ ਹੋਰ ਕਾਰ ਪੈਟਰੋਲ ਪੰਪ 'ਤੇ ਤੇਲ ਪਵਾਉਣ ਪਹੁੰਚੀ। ਵੈਂਟੋ ਕਾਰ ਚਾਲਕ ਨੇ ਦੂਜੀ ਕਾਰ ਸਵਾਰਾਂ ਨੂੰ ਤੇਲ ਪਵਾਉਣ ਤੋਂ ਰੋਕ ਦਿੱਤਾ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਗਾਲੀ-ਗਲੌਚ ਤੇ ਹੱਥੋਪਾਈ ਸ਼ੁਰੂ ਹੋ ਗਈ। 

ਵਿਵਾਦ ਵਧਦਿਆਂ ਹੀ ਦਿੱਲੀ ਨੰਬਰ ਦੀ ਕਾਰ ਵਿਚ ਸਵਾਰ ਮੁੰਡੇ ਨੇ ਆਪਣੀ ਜੇਬ ਵਿਚੋਂ ਪਿਸਤੌਲ ਕੱਢ ਕੇ ਹਵਾਈ ਫ਼ਾਇਰ ਕਰ ਦਿੱਤੇ। ਗੋਲ਼ੀ ਦੀ ਆਵਾਜ਼ ਸੁਣਦਿਆਂ ਹੀ ਪੰਪ ਮੁਲਾਜ਼ਮਾਂ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਗੋਲ਼ੀ ਚੱਲਣ ਮਗਰੋਂ ਮੁਲਜ਼ਮ ਆਪਣੀ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਵੈਂਟੋ ਕਾਰ ਦਾ ਚਾਲਕ ਆਪਣੀ ਗੱਡੀ ਪੰਪ 'ਤੇ ਹੀ ਛੱਡ ਕੇ ਉੱਥੋਂ ਚਲਾ ਗਿਆ। ਇਸ ਮਗਰੋਂ 3.30 ਵਜੇ ਦਿੱਲੀ ਨੰਬਰ ਦੀ ਕਾਰ ਵਿਚ ਸਵਾਰ 4-5 ਹਥਿਆਰਬੰਦ ਨੌਜਵਾਨ ਦੁਬਾਰਾ ਪੈਟਰੋਲ ਪੰਪ 'ਤੇ ਆ ਗਏ। ਉਨ੍ਹਾਂ ਨੇ ਆਉਂਦਿਆਂ ਹੀ ਪੰਪ 'ਤੇ ਖੜ੍ਹੀ ਵੈਂਟੋ ਕਾਰ 'ਤੇ ਹਮਲਾ ਬੋਲ ਦਿੱਤਾ ਤੇ ਉਸ ਦੀ ਭੰਨਤੋੜ ਕਰ ਦਿੱਤੀ। ਪੂਰੀ ਵਾਰਦਾਤ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। 

ਚੌਕੀ ਘੁਮਾਰ ਮੰਡੀ ਦੇ ਇੰਚਾਰਜ ਏ. ਐੱਸ. ਆਈ. ਦਵਿੰਦਰ ਪਾਸੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੂ ਸ਼ਰਮਾ ਦੇ ਬਿਆਨਾਂ ਦੇ ਅਧਾਰ 'ਤੇ ਕਾਰ ਨੰਬਰ DL1CR6500 ਦੇ ਚਾਲਕ ਤੇ ਉਸ ਵਿਚ ਸਵਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ CCTV ਫੁਟੇਜ ਕਬਜ਼ੇ ਵਿਚ ਲੈ ਕੇ ਤੇ ਦਿੱਲੀ ਨੰਬਰ ਦੀ ਕਾਰ ਨੂੰ ਟ੍ਰੇਸ ਕਰ ਕੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 
 


author

Anmol Tagra

Content Editor

Related News