4 ਸਾਲਾ ਬੱਚੀ ਨਾਲ ਜ਼ਬਰ-ਜਨਾਹ ਦੇ ਮਾਮਲੇ ''ਚ ਦੋਸ਼ੀ ਨੂੰ ਮਿਲੀ ਉਮਰ ਕੈਦ ਦੀ ਸਜ਼ਾ
Tuesday, Oct 10, 2017 - 01:27 PM (IST)

ਅੰਮ੍ਰਿਤਸਰ (ਮਹਿੰਦਰ) — 4 ਸਾਲਾ ਮਾਸੂਮ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਘਰ ਤੋਂ ਲੈ ਜਾ ਕੇ ਉਸ ਨਾਲ ਜ਼ਬਰ-ਜਨਾਹ ਕਰਨ ਵਾਲੇ 24 ਸਾਲਾ ਦੋਸ਼ੀ ਨੌਜਵਾਨ ਦੇ ਖਿਲਾਫ ਲਗਾਏ ਗਏ ਦੋਸ਼ ਸਹੀ ਸਾਬਿਤ ਹੋਣ 'ਤੇ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਉਸ ਨੂੰ ਸਖਤ ਸਜ਼ਾ ਸੁਣਾਈ ਹੈ, ਜਿਸ ਦੇ ਤਹਿਤ ਉਸ ਨੂੰ ਕੁਦਰਤੀ ਮੌਤ ਹੋਣ ਤਕ ਉਮਰ ਕੈਦ, ਜਦ ਕਿ ਧਾਰਾ 363 'ਚ 7 ਸਾਲ ਦੀ ਕੈਦ, 10 ਹਜ਼ਾਰ ਰੁਪਏ ਜੁਰਮਾਨਾ ਤੇ 366 'ਚ 10 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤੇ ਜਾਣ ਦੀ ਵੱਖ ਸਜ਼ਾ ਸੁਣਾਈ ਗਈ ਹੈ। ਕੋਈ ਵੀ ਜੁਰਮਾਨਾ ਰਾਸ਼ੀ ਨਾ ਅਦਾ ਕਰਨ 'ਤੇ ਉਸ ਨੂੰ 6 ਮਹੀਨੇ ਦੀ ਵਾਧੂ ਕੈਦ ਹੋਵੇਗੀ।
ਮਾਮਲੇ ਦਾ ਹਾਲਾਤ
ਸਥਾਨਕ ਥਾਣਾ ਜੰਡਿਆਲਾ 'ਚ 6-2-2016 ਨੂੰ ਧਾਰਾ 363/364 ਦੇ ਤਹਿਤ ਦਰਜ ਮੁਕਦਮਾ ਨੰਬਰ 24/2016 ਦੇ ਮੁਤਾਬਕ ਪਿੰਡ ਗੱਦਲੀ ਨਿਵਾਸੀ 24 ਸਾਲਾ ਦੋਸ਼ੀ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਰੱਛਪਾਲ ਸਿੰਘ ਦਾ ਆਪਣੇ ਹੀ ਪਿੰਡ ਦੇ ਇਕ ਪਰਿਵਾਰ ਦੇ ਘਰ ਆਉਣਾ-ਜਾਣਾ ਰਹਿੰਦਾ ਸੀ। ਪੀੜਤ ਪਰਿਵਾਰ ਦੇ ਮੁਤਾਬਕ ਦੋਸ਼ੀ ਹਰਪ੍ਰੀਤ 5-2-2016 ਨੂੰ ਸ਼ਾਮ ਕਰੀਬ 6/6.30 ਵਜੇ ਉਨ੍ਹਾਂ ਦੇ ਘਰ ਆਇਆ ਸੀ ਤੇ ਪਰਿਵਾਰ ਦੀ ਸਭ ਤੋਂ ਛੋਟੀ 4 ਸਾਲਾ ਮਾਸੂਮ ਲੜਕੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ ਸੀ।
ਰਸਤੇ 'ਚ ਪਰਿਵਾਰ ਦੇ ਇਕ ਮੈਂਬਰ ਨੇ ਜਦ ਉਸ ਨੂੰ ਪੁੱਛਿਆ ਕਿ ਉਹ ਬੱਚੀ ਨੂੰ ਲੈ ਕੇ ਕਿਥੇ ਜਾ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਉਸ ਦੇ ਲਈ ਦੁਕਾਨ ਤੋਂ ਚੀਜ਼ ਲੈਣ ਜਾ ਰਿਹਾ ਹੈ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦ ਦੋਸ਼ੀ ਬੱਚੀ ਨੂੰ ਲੈ ਕੇ ਵਾਪਸ ਨਹੀਂ ਆਇਆ ਤਾਂ ਉਹ ਬੱਚੀ ਤੇ ਦੋਸ਼ੀ ਦੀ ਤਲਾਸ਼ ਕਰਨ ਲੱਗੇ ਤਾਂ ਉਨ੍ਹਾਂ ਨੂੰ ਬਾਜ਼ਾਰ ਨੇੜੇ ਸਥਿਤ ਪੀਰ ਵਾਲੀ ਜਗ੍ਹਾ ਵਲੋਂ ਬੱਚੀ ਦੇ ਰੌਣ ਦੀ ਆਵਾਜ਼ ਸੁਣਾਈ ਦਿੱਤੀ। ਮੌਕੇ 'ਤੇ ਜਾ ਕੇ ਦੇਖਿਆ ਤਾਂ ਉਕਤ ਦੋਸ਼ੀ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕਰ ਰਿਹਾ ਸੀ।
ਉਨ੍ਹਾਂ ਨੇ ਬੱਚੀ ਨੂੰ ਉਸ ਦੇ ਚੁੰਗਲ 'ਚੋਂ ਛੁੱਡਵਾਇਆ ਤਾਂ ਦੋਸ਼ੀ ਮੌਕਾ ਵੇਖ ਕੇ ਭੱਜ ਨਿਕਲਿਆ। ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਬੱਚੀ ਦੀ ਮੈਡੀਕਲ ਰਿਪੋਰਟ 'ਚ ਦੁਸ਼ਕਰਮ ਦੀ ਪੁਸ਼ਟੀ ਹੋਣ 'ਤੇ ਦੋਸ਼ੀ ਦੇ ਖਿਲਾਫ ਪੁਲਸ ਨੇ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ।
ਕੁਦਰਤੀ ਮੌਤ ਹੋਣ ਤਕ ਹੁਣ ਦੋਸ਼ੀ ਨੂੰ ਰਹਿਣਾ ਹੋਵੇਗਾ ਜੇਲ 'ਚ
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਦੇ ਕੌਂਸਲ ਅਜੈ ਕੁਮਾਰ ਵਿਰਮਾਨੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੇ ਬਹੁਤ ਹੀ ਸੰਗੀਨ ਜ਼ੁਰਮ ਕੀਤਾ ਹੈ ਕਿਉਂਕਿ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਉਹ ਸਮੇਂ ਰਹਿੰਦੇ ਘਟਨਾ ਦੀ ਜਗ੍ਹਾ ਨਾ ਪਹੁੰਚਦੇ ਤਾਂ ਦੋਸ਼ੀ ਦੀ ਦਰਿੰਦਗੀ ਕਾਰਨ ਬੱਚੀ ਦੀ ਮੌਤ ਵੀ ਹੋ ਸਕਦੀ ਸੀ।
ਐਡਵੋਕੇਟ ਵਿਰਮਾਨੀ ਨੇ ਦੱਸਿਆ ਕਿ ਦੋਸ਼ੀ ਵਲੋਂ ਕੀਤੀ ਗਈ ਦਰਿੰਦਗੀ ਨੂੰ ਦੇਖਦੇ ਹੋਏ ਹੀ ਅਦਾਲਤ ਨੇ ਉਸ ਨੂੰ ਅਜਿਹੀ ਸਖਤ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਸੁਣਾਈ ਗਈ ਇਸ ਸਜ਼ਾ ਦੇ ਤਹਿਤ ਉਸ ਨੂੰ ਕੁਦਰਤੀ ਮੌਤ ਹੋਣ ਤਕ ਸਾਰੀ ਉਮਰ ਜੇਲ 'ਚ ਰਹਿਣਾ ਪਵੇਗਾ।