ਬੇਟੀਆਂ ਦੀ ਸੁਰੱਖਿਆ ਦਾ ਭਾਰ 38 ਕਰਮਚਾਰੀਆਂ ਦੇ ਮੋਢਿਆਂ ''ਤੇ

11/17/2017 1:39:47 AM

ਫਿਰੋਜ਼ਪੁਰ(ਜੈਨ)—ਔਰਤਾਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਜ਼ਿਲਾ ਪੁਲਸ ਨੇ ਜਿਸ ਤਰ੍ਹਾਂ ਨਿਰਭਯਾ ਕਾਂਡ ਦੌਰਾਨ ਬੇਟੀਆਂ ਦੀ ਸੁਰੱਖਿਆ 'ਚ ਫੋਰਸ ਲਾਈ ਸੀ, ਅਜਿਹੀ ਸਖਤੀ ਇਨ੍ਹੀਂ ਦਿਨੀਂ ਕੁਝ ਹੀ ਕਾਲਜਾਂ ਅਤੇ ਸਕੂਲਾਂ ਦੇ ਬਾਹਰ ਦੇਖਣ ਨੂੰ ਮਿਲਦੀ ਹੈ। ਸ਼ਹੀਦਾਂ ਦੇ ਸ਼ਹਿਰ 'ਚ 100 ਤੋਂ ਵੱਧ ਸਕੂਲ ਅਤੇ 5 ਤੋਂ ਵੱਧ ਕਾਲਜਾਂ 'ਚ ਬੇਟੀਆਂ ਦੀ ਸੁਰੱਖਿਆ ਦਾ ਜ਼ਿੰਮਾ 38 ਪੁਲਸ ਕਰਮਚਾਰੀਆਂ ਦੇ ਹੱਥ 'ਚ ਹੈ। ਗੌਰਮਿੰਟ ਸਕੂਲ, ਰੇਲਵੇ ਰੋਡ, ਬਾਂਸੀ ਗੇਟ 'ਤੇ ਸਥਿਤ ਸਕੂਲ-ਕਾਲਜਾਂ  ਦੀ ਛੁੱਟੀ ਸਮੇਂ ਮਨਚਲੇ  ਵੱਡੇ ਪੱਧਰ 'ਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਦੇ ਹੋਏ ਲੰਘਦੇ ਹਨ। ਸਾਲ 2013-14 ਦੌਰਾਨ ਹਰੇਕ ਸਕੂਲ-ਕਾਲਜ 'ਚ ਬੇਟੀਆਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਸ਼ਿਕਾਇਤ ਬਾਕਸ ਵੀ ਲਾਏ ਗਏ ਸਨ, ਜਿਨ੍ਹਾਂ ਦੀ ਚਾਬੀ  ਸਕੂਲ-ਕਾਲਜਾਂ ਦੇ ਪ੍ਰਿੰਸੀਪਲ ਕੋਲ ਸੀ। ਵਿਦਿਆਰਥੀਆਂ 'ਚ ਅਵੇਅਰਨੈੱਸ ਦੀ ਕਮੀ ਕਾਰਨ ਕੁਝ ਸ਼ਿਕਾਇਤਾਂ ਹੀ ਬਾਕਸ ਰਾਹੀਂ ਪ੍ਰਿੰਸੀਪਲ ਕੋਲ ਪਹੁੰਚੀਆਂ ਹਨ।
ਸੂਤਰ ਦੱਸਦੇ ਹਨ ਕਿ ਪਿਛਲੇ 4 ਸਾਲਾਂ 'ਚ ਪੁਲਸ ਕੋਲ ਸੈਂਕੜਿਆਂ ਦੀ ਗਿਣਤੀ 'ਚ ਛੇੜਛਾੜ ਦੀਆਂ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਅਤੇ ਕੁਝ ਵਾਰਦਾਤਾਂ 'ਚ ਬੇਟੀਆਂ ਖੁਦ ਦੀ ਇੱਜ਼ਤ ਨੂੰ ਦੇਖਦੇ ਹੋਏ ਪੁਲਸ ਕੋਲ ਜਾਣਾ ਵੀ ਉਚਿਤ ਨਹੀਂ ਸਮਝਦੀਆਂ।
ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਹੋਇਆ ਵਾਧਾ 
ਸਾਲ 2017 ਦੌਰਾਨ ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ ਅਤੇ ਪੁਲਸ ਨੇ 8 ਦਰਜਨ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲੇ ਜ਼ਿਲੇ ਭਰ 'ਚ ਦਰਜ ਕੀਤੇ ਹਨ ਅਤੇ ਕੁਝ ਕੇਸਾਂ 'ਚ ਅਜੇ ਤੱਕ ਮਾਪਿਆਂ ਨੂੰ ਆਪਣੀਆਂ ਬੇਟੀਆਂ ਦੇ ਲਾਪਤਾ ਹੋਣ ਦਾ ਸੁਰਾਗ ਨਹੀਂ ਮਿਲ ਸਕਿਆ।
ਇਕ ਵਾਰ ਮਿਰਚੀ ਪਾਊਡਰ ਦੇ ਕੇ ਬਟੋਰੀਆਂ ਸਨ ਸੁਰਖੀਆਂ
ਸਾਲ 2015 ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਲਈ ਮਿਰਚੀ ਪਾਊਡਰ ਦੀਆਂ ਡੱਬੀਆਂ ਦੇ ਕੇ ਬੇਟੀਆਂ ਦੀ ਰੱਖਿਆ ਦਾ ਕਦਮ ਚੁੱਕਣ ਦਾ ਦਾਅਵਾ ਕਰਦੇ ਹੋਏ ਖੂਬ ਸੁਰਖੀਆਂ ਬਟੋਰੀਆਂ ਸਨ ਪਰ ਆਏ ਦਿਨ ਬੇਟੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
19 ਬਾਈਕਸ 'ਤੇ ਮੇਲ-ਫੀਮੇਲ ਸਟਾਫ ਰਹਿੰਦਾ ਹੈ ਡਿਊਟੀ 'ਤੇ
ਡੀ. ਐੱਸ. ਪੀ. ਹੈੱਡ ਕੁਆਰਟਰ ਹਰਿੰਦਰ ਸਿੰਘ ਡੋਡ ਨੇ ਕਿਹਾ ਕਿ ਸਕੂਲ-ਕਾਲਜਾਂ ਦੀ ਸੁਰੱਖਿਆ 'ਚ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਵਿਭਾਗ ਵੱਲੋਂ 14 ਬਾਈਕਸ 'ਤੇ ਮੇਲ ਅਤੇ 5 ਬਾਈਕਸ 'ਤੇ ਫੀਮੇਲ ਸਟਾਫ ਦੀ ਡਿਊਟੀ ਲਾਈ ਗਈ ਹੈ ਜੋ ਕਿ ਬੈਂਕਿੰਗ ਖੇਤਰ ਤੋਂ ਇਲਾਵਾ ਸਕੂਲ-ਕਾਲਜ ਦੀ ਛੁੱਟੀ ਦੇ ਸਮੇਂ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ 1097 ਹੈਲਪਲਾਈਨ 'ਤੇ ਜੋ ਸ਼ਿਕਾਇਤਾਂ ਆਉਂਦੀਆਂ ਹਨ, ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਹੁੰਦਾ ਹੈ ਅਤੇ ਉਹ ਖੁਦ ਵੀ ਸਿੱਖਿਆ ਸੰਸਥਾਵਾਂ ਦੇ ਬਾਹਰ ਚੈਕਿੰਗ ਕਰਦੇ ਹਨ। ਜ਼ਿਲਾ ਟ੍ਰੈਫਿਕ ਇੰਚਾਰਜ ਰਵੀ ਕੁਮਾਰ ਨੇ ਕਿਹਾ ਕਿ ਸਵੇਰ ਤੇ ਦੁਪਹਿਰ ਦੇ ਸਮੇਂ ਸਕੂਲ-ਕਾਲਜਾਂ ਦੇ ਬਾਹਰ ਘੁੰਮਣ ਵਾਲਿਆਂ 'ਤੇ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ।


Related News