ਲਾਲੂ ਦੀਆਂ ਬੇਟੀਆਂ ਦੇ ਨਾਮਕਰਨ ਦੀ ਫਿਲਮੀ ਕਹਾਣੀ
Thursday, May 16, 2024 - 01:25 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ’ਚ ਲਾਲੂ ਪ੍ਰਸਾਦ ਯਾਦਵ ਦੀਆਂ ਬੇਟੀਆਂ ਮੀਸਾ ਭਾਰਤੀ ਅਤੇ ਰੋਹਿਣੀ ਆਚਾਰੀਆ ਦੇ ਨਾਵਾਂ ਦੀ ਕਾਫੀ ਚਰਚਾ ਹੈ। ਇਨ੍ਹਾਂ ਦੋਵਾਂ ਦੇ ਨਾਂ ਰੱਖਣ ਦੀ ਕਹਾਣੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਐਮਰਜੈਂਸੀ ’ਚ ਲਾਲੂ ਪ੍ਰਸਾਦ ਯਾਦਵ ਜੇਲ ’ਚ ਬੰਦ ਸਨ ਤਾਂ ਉਸੇ ਦੌਰਾਨ ਉਨ੍ਹਾਂ ਦੇ ਘਰ ਇਕ ਬੇਟੀ ਦਾ ਜਨਮ ਹੋਇਆ। ਉਸ ਦੌਰਾਨ ਪਿਤਾ ਲਾਲੂ ਯਾਦਵ ਨੂੰ ਅੰਦਰੂਨੀ ਸੁਰੱਖਿਆ ਕਾਨੂੰਨ ਦੇ ਤਹਿਤ ਜੇਲ ’ਚ ਬੰਦ ਕਰ ਦਿੱਤਾ ਗਿਆ ਸੀ। ਜਦੋਂ ਪਹਿਲੀ ਬੇਟੀ ਦਾ ਨਾਂ ਰੱਖਣ ਦੀ ਗੱਲ ਸਾਹਮਣੇ ਆਈ ਤਾਂ ਉਸ ਦਾ ਨਾਂ ਵੀ ਇਸੀ ਐਕਟ ਤਹਿਤ ਮੀਸਾ ਰੱਖਿਆ ਗਿਆ।
1979 ’ਚ ਜਦੋਂ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ ਇਕ ਵਾਰ ਫਿਰ ਮਾਂ ਬਣਨ ਵਾਲੀ ਸੀ ਤਾਂ ਉਸ ਸਮੇਂ ਪਟਨਾ ਦੀ ਮਸ਼ਹੂਰ ਮਹਿਲਾ ਡਾਕਟਰ ਕਮਲਾ ਆਚਾਰੀਆ ਨੇ ਰਾਬੜੀ ਦੇਵੀ ਦਾ ਸਫਲ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਜਦੋਂ ਡਾਕਟਰ ਨੂੰ ਫੀਸ ਦੇਣ ਦੀ ਗੱਲ ਆਈ ਤਾਂ ਕਿਹਾ ਜਾਂਦਾ ਹੈ ਕਿ ਕਮਲਾ ਆਚਾਰੀਆ ਨੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ। ਲਾਲੂ ਪ੍ਰਸਾਦ ਯਾਦਵ ਨੇ ਕਮਲਾ ਆਚਾਰੀਆ ਨੂੰ ਫੀਸ ਲੈਣ ਦੀ ਜ਼ਿੱਦ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਤੋਂ ਕੋਈ ਫੀਸ ਨਹੀਂ ਲਵਾਂਗੀ ਪਰ ਜੇਕਰ ਤੁਸੀਂ ਮੈਨੂੰ ਕੁਝ ਦੇਣਾ ਹੀ ਹੈ ਤਾਂ ਮੇਰਾ ਸਰਨੇਮ ਆਪਣੀ ਬੇਟੀ ਨੂੰ ਦੇ ਦਿਓ। ਇਹੀ ਮੇਰੀ ਫੀਸ ਹੋਵੇਗੀ ਅਤੇ ਇਹ ਮੇਰੀ ਚੰਗੀ ਕਿਸਮਤ ਵੀ ਹੋਵੇਗੀ। ਲਾਲੂ ਯਾਦਵ ਦੀ ਦੂਜੀ ਧੀ ਦਾ ਜਨਮ ਰੋਹਿਣੀ ਨਕਸ਼ੱਤਰ ’ਚ ਹੋਇਆ ਸੀ ਅਤੇ ਉਸ ਨੂੰ ਕਮਲਾ ਆਚਾਰੀਆ ਦਾ ਸਰਨੇਮ ਆਚਾਰੀਆ ਦਿੱਤਾ ਗਿਆ ਸੀ।