ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜ਼ਨਾਹ
Wednesday, Sep 20, 2017 - 04:05 AM (IST)

ਮਹਿਤਪੁਰ(ਸੂਦ, ਛਾਬੜਾ)- ਮਹਿਤਪੁਰ ਤੋਂ 8 ਕਿਲੋਮੀਟਰ ਦੂਰ ਪਿੰਡ ਖੁਰਸ਼ੈਦਪੁਰ 'ਚ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਨਾਬਾਲਿਗ ਲੜਕੀ ਪਿੰਕੀ (ਕਾਲਪਨਿਕ ਨਾਂ) ਨਾਲ ਉਸਦੇ ਪਿੰਡ ਦੇ ਨੌਜਵਾਨ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਪਿੰਡ ਵਾਸੀਆਂ ਨੇ ਰਮਨ ਕੁਮਾਰ ਪੁੱਤਰ ਬਲਦੇਵ ਵਾਸੀ ਖੁਰਸ਼ੈਦਪੁਰ ਨੂੰ ਕਥਿਤ ਦੋਸ਼ੀ ਦੱਸਿਆ ਤੇ ਇਹ ਵੀ ਦੱਸਿਆ ਕਿ ਮੁਲਜ਼ਮ ਰਮਨ ਕੁਮਾਰ ਦੀ ਮਾਂ ਨੇ ਪੀੜਤ ਲੜਕੀ ਦੇ ਕੱਪੜੇ ਬਦਲ ਕੇ ਲੜਕੀ ਨੂੰ ਧਮਕਾਇਆ ਕਿ ਜੇ ਤੂੰ ਕਿਸੇ ਨੂੰ ਪਿੰਡ 'ਚ ਦੱਸਿਆ ਤਾਂ ਤੇਰੀ ਸਾਰੇ ਪਿੰਡ 'ਚ ਬਦਨਾਮੀ ਹੋਵੇਗੀ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਲੜਕੇ ਉਪਰ ਪਹਿਲਾਂ ਵੀ ਦੋ ਵੱਖ-ਵੱਖ ਕੇਸਾਂ 'ਚ ਲੜਕੀਆਂ ਨੂੰ ਛੇੜਨ ਤੇ ਮੁਆਫੀ ਮੰਗਣ ਦੇ ਰਾਜ਼ੀਨਾਮੇ ਹੋ ਚੁੱਕੇ ਹਨ। ਐੱਸ. ਐੱਚ. ਓ. ਕੇਵਲ ਸਿੰਘ ਮਹਿਤਪੁਰ ਨੇ ਦੱਸਿਆ ਕਿ ਪੁਲਸ ਵੱਲੋਂ ਪਰਚਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਮੌਕੇ ਤੋਂ ਫਰਾਰ ਹੈ ਤੇ ਉਸਦੀ ਭਾਲ ਜਾਰੀ ਹੈ। ਲੜਕੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜਿਆ ਗਿਆ ਪਰ ਜਦੋਂ ਲੜਕੀ ਨੂੰ ਸਿਵਲ ਹਸਪਤਾਲ ਨਕੋਦਰ ਲਿਆਂਦਾ ਗਿਆ ਤਾਂ ਡਾਕਟਰ ਨੇ ਕਿਹਾ ਕਿ ਇਹ ਕੇਸ ਮਹਿਤਪੁਰ ਦਾ ਹੈ ਤੇ ਇਸ ਨੂੰ ਮਹਿਤਪੁਰ ਤੋਂ ਰੈਫਰ ਕਰਵਾ ਕੇ ਲਿਆਉਣ। ਪੀੜਤ ਲੜਕੀ ਨੂੰ ਦੋ ਤਿੰਨ ਘੰਟੇ ਖੱਜਲ-ਖੁਆਰ ਹੋ ਕੇ ਨਕੋਦਰ ਤੋਂ ਮਹਿਤਪੁਰ ਸਰਕਾਰੀ ਹਸਪਤਾਲ ਜਾਣਾ ਪਿਆ ਤੇ ਫਿਰ ਉਨ੍ਹਾਂ ਨੂੰ ਨਕੋਦਰ ਰੈਫਰ ਕੀਤਾ ਗਿਆ।