ਰਾਣਾ ਸਿੱਧੂ ਕਤਲ ਦੇ ਮੁੱਖ ਦੋਸ਼ੀ ਮੋਨੂੰ ਉਰਫ ਸੁੱਖਾ ਨੂੰ ਕੀਤਾ ਮਲੋਟ ਅਦਾਲਤ ’ਚ ਪੇਸ਼

01/12/2021 5:41:00 PM

ਮਲੋਟ (ਜੁਨੇਜਾ) : ਸਦਰ ਮਲੋਟ ਅਧੀਨ ਆਉਂਦੇ ਪਿੰਡ ਔਲਖ ਵਿਚ ਤਿੰਨ ਸ਼ਾਰਪ ਸ਼ੂਟਰਾਂ ਹੱਥੋਂ ਕਤਲ ਹੋਏ ਰਣਜੀਤ ਸਿੰਘ ਰਾਣਾ ਦੇ ਕਤਲ ਮਾਮਲੇ ਵਿਚ ਦੂਸਰੇ ਮੁੱਖ ਮੁਲਜ਼ਮ ਮੋਨੂੰ ਸੁੱਖਾ ਨੂੰ ਅੱਜ ਫਿਰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਮੰਗਿਆ ਗਿਆ। ਅਦਾਲਤ ਨੇ ਉਸਦਾ ਦੋ ਦਿਨ ਦਾ ਹੋਰ ਪੁਲਸ ਰਿਮਾਂਡ ਦੇ ਦਿੱਤਾ। ਜ਼ਿਕਰਯੋਗ ਹੈ ਕਿ 22 ਅਕਤੂਬਰ 2020 ਨੂੰ ਪਿੰਡ ਔਲਖ ਵਿਖੇ ਅਪਰਾਧਿਕ ਪਿਛੋਕੜ ਵਾਲੇ ਰਣਜੀਤ ਸਿੰਘ ਰਾਣਾ ਸਿੱਧੂ ਨੂੰ ਅੰਨ੍ਹੇਵਾਹ ਗੋਲੀਆਂ ਮਾਰਕੇ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਗਰਭਵਤੀ ਪਤਨੀ ਦਾ ਚੈਕਅਪ ਕਰਾਉਣ ਆਇਆ ਸੀ। ਕਤਲ ਤੋਂ ਬਾਅਦ ਮੰਨਾ ਕਤਲ ਵਾਂਗ ਇਸ ਦੀ ਜ਼ਿੰਮੇਵਾਰੀ ਵੀ ਫੇਸਬੁੱਕ ’ਤੇ ਲਾਂਰੈਸ ਬਿਸ਼ਨੋਈ ਗਰੁੱਪ ਨੇ ਲੈ ਕੇ ਇਸ ਨੂੰ ਸੋਪੂ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਦੱਸਿਆ ਸੀ।

ਇਸ ਮਾਮਲੇ ਦੀ ਪੁਲਸ ਨੇ ਡੂੰਘਾਈ ਨਾਲ ਕੀਤੀ ਜਾਂਚ ਸੀ. ਆਈ. ਏ. ਸਟਾਫ਼ ਅਤੇ ਸਦਰ ਮਲੋਟ ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਪਵਨ ਨਹਿਰਾ ਨੂੰ ਸੋਨੀਪਤ ਜੇਲ੍ਹ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦਾ ਸੀ ਅਤੇ ਪੁੱਛਗਿੱਛ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ ਸੀ ਜਿਸ ਵਿਚ ਪਵਨ ਨਹਿਰਾ ਨੂੰ ਗੋਲੀਆਂ ਚਲਾਉਣ ਵਾਲੇ ਹਰਿਆਣਾ ਦੇ ਹੀ ਮੋਨੂੰ ਉਰਫ ਸੁੱਖਾ ਅਤੇ ਯਸ਼ਪਾਲ ਸਰਪੰਚ ਨੂੰ ਨਾਮਜ਼ਦ ਕੀਤਾ ਸੀ। ਜਦ ਕਿ ਇਸ ਮਾਮਲੇ ਵਿਚ ਤੀਸਰੇ ਸਥਾਨਕ ਦੋਸ਼ੀ ਦੀ ਪੁਲਸ ਸ਼ਨਾਖਤ ਨਹੀਂ ਕਰ ਸਕੀ ਜਿਹੜਾ ਇਸ ਮਾਮਲੇ ਵਿਚ ਕਾਰ ਚਲਾ ਰਿਹਾ ਸੀ। ਹੁਣ 6 ਜਨਵਰੀ ਨੂੰ ਸਦਰ ਮਲੋਟ ਪੁਲਸ ਮੋਨੂੰ ਸੁੱਖਾ ਪੁੱਤਰ ਲਖਮੀ ਵਾਸੀ ਨਿਧਾਨਾ ਜ਼ਿਲ੍ਹਾ ਰੋਹਤਕ ਨੂੰ ਸੋਨੀਪਤ ਜੇਲ੍ਹ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਈ ਸੀ ਅਤੇ 6 ਦਿਨਾਂ ਦਾ ਪੁਲਸ ਰਿਮਾਂਡ ਲਿਆ ਸੀ। ਅੱਜ ਮੁੜ ਪੁਲਸ ਨੇ ਮੋਨੂੰ ਨੂੰ ਮਾਨਯੋਗ ਅਦਾਲਤ ਵਿਚ ਜੱਜ ਸ਼ਿਵਾਨੀ ਸੰਘਰ ਦੇ ਸਾਹਮਣੇਪੇਸ਼ ਕੀਤਾ ਜਿਥੇ ਅਦਾਲਤ ਨੇ ਉਸਦਾ 2 ਦਿਨ ਦਾ ਹੋਰ ਪੁਲਸ ਰਿਮਾਂਡ ਦਿੱਤਾ ਹੈ।


Gurminder Singh

Content Editor

Related News