ਰਾਣਾ ਗੁਰਜੀਤ ਦੀ ਚੁਣੌਤੀ ਸਵੀਕਾਰ, ਪ੍ਰੈੱਸ ਕਲੱਬ ''ਚ ਹੋਵੇ ਬਹਿਸ : ਖਹਿਰਾ

07/17/2017 8:11:06 PM

ਚੰਡੀਗੜ੍ਹ (ਰਮਨਜੀਤ)-ਮੈਨੂੰ ਖੁਸ਼ੀ ਹੋਈ ਕਿ ਰਾਣਾ ਗੁਰਜੀਤ ਸਿੰਘ ਨੇ ਮੇਰੇ ਵਲੋਂ ਲਾਏ ਗਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਤੇ ਉਨ੍ਹਾਂ ਨੂੰ ਸਾਬਿਤ ਕਰਨ ਦੀ ਮੈਨੂੰ ਚੁਣੌਤੀ ਵੀ ਦਿੱਤੀ ਹੈ। ਮੈਂ ਰਾਣਾ ਗੁਰਜੀਤ ਸਿੰਘ ਦੀ ਦੋਸ਼ ਸਾਬਿਤ ਕਰਨ ਦੀ ਚੁਣੌਤੀ ਸਵੀਕਾਰ ਕਰਦਾ ਹਾਂ ਤੇ ਉਨ੍ਹਾਂ ਨੂੰ ਜਨਤਕ ਬਹਿਸ ਲਈ 18 ਜੁਲਾਈ ਨੂੰ 2 ਵਜੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪਹੁੰਚਣ ਦੀ ਚੁਣੌਤੀ ਦਿੰਦਾ ਹਾਂ ਜੇਕਰ ਰਾਣਾ ਗੁਰਜੀਤ ਬਹਿਸ ਲਈ ਉਕਤ ਸਮੇਂ 'ਤੇ ਨਾ ਪਹੁੰਚੇ ਤਾਂ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਉਹ ਇਕ ਜੁਰਅਤ ਵਾਲਾ ਆਗੂ ਨਹੀਂ ਹੈ। 
ਇਹ ਕਹਿਣਾ ਹੈ ਭੁਲੱਥ ਵਿਧਾਨਸਭਾ ਹਲਕਾ ਤੋਂ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ। 
ਖਹਿਰਾ ਵਲੋਂ 'ਹਿੱਤਾਂ ਦੇ ਟਕਰਾਅ' ਸੰਬੰਧੀ ਰਾਣਾ ਗੁਰਜੀਤ ਸਿੰਘ 'ਤੇ ਲਾਏ ਗਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਵਲੋਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਖਹਿਰਾ ਦੇ ਦੋਸ਼ ਬੇਬੁਨਿਆਦ ਹਨ ਤੇ ਇਹ ਸਿਰਫ ਮੀਡੀਆ 'ਚ ਹਾਈ ਲਾਈਟ ਹੋਣ ਦਾ ਜ਼ਰੀਆ ਹੈ।
ਖਹਿਰਾ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਭ੍ਰਿਸ਼ਟਾਚਾਰ ਤੇ 'ਹਿੱਤਾਂ ਦੇ ਟਕਰਾਅ' ਸਬੰਧੀ ਚੁੱਕੇ ਗਏ ਮਾਮਲਿਆਂ 'ਤੇ ਉਹ ਅਜੇ ਵੀ ਕਾਇਮ ਹਨ। ਇਹ ਰਾਣਾ ਗੁਰਜੀਤ ਸਿੰਘ ਦਾ ਹੰਕਾਰ ਹੀ ਹੈ ਕਿ ਉਹ ਆਪਣੇ ਪੱਲੇ 'ਤੇ ਦਾਗ ਹੋਣ ਦੇ ਬਾਵਜੂਦ ਮੈਨੂੰ ਨਿਰਾਸ਼ ਆਗੂ ਕਰਾਰ ਦੇ ਕੇ ਦੋਸ਼ਾਂ ਨੂੰ ਟਾਲਣ ਦਾ ਯਤਨ ਕਰ ਰਹੇ ਹਨ।  
ਖਹਿਰਾ ਨੇ ਕਿਹਾ ਕਿ ਮੇਰੇ ਵਲੋਂ ਲਾਏ ਗਏ ਦੋਸ਼ਾਂ ਦਾ ਰਾਣਾ ਗੁਰਜੀਤ ਸਿੰਘ ਵਲੋਂ ਗੋਲ-ਮੋਲ ਜਵਾਬ ਦਿੱਤਾ ਜਾ ਰਿਹਾ ਹੈ। ਮਿਸਾਲ ਵਜੋਂ ਮੇਰੇ ਵਲੋਂ 'ਹਿੱਤਾਂ ਦਾ ਟਕਰਾਅ' ਸਬੰੰਧੀ ਲਾਏ ਗਏ ਦੋਸ਼ ਤੋਂ ਇਨਕਾਰ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਕਤ ਮਾਮਲਾ 5 ਸਾਲ ਪੁਰਾਣਾ ਹੈ ਤੇ ਉਸਨੂੰ ਕਾਨੂੰਨੀ ਕਦਮ ਚੁੱਕਣ ਦਾ ਪੂਰਾ ਹੱਕ ਹੈ। 
ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੀ. ਐੱਸ. ਪੀ. ਸੀ. ਐੱਲ. ਨੇ ਰਾਣਾ ਸ਼ੂਗਰ ਲਿਮਟਿਡ ਖਿਲਾਫ ਸਿਵਲ ਅਪੀਲ ਨੰਬਰ 6734 ਸਾਲ 2015 'ਚ ਫਾਈਲ ਕੀਤੀ ਸੀ ਤੇ ਕਿਸੇ ਤਰ੍ਹਾਂ ਵੀ 5 ਸਾਲ ਪੁਰਾਣੀ ਨਹੀਂ ਹੈ। ਦੂਜਾ ਮੇਰੇ ਵਲੋਂ ਲਾਏ ਗਏ ਇਲਜ਼ਾਮ ਸਾਫ ਤੌਰ 'ਤੇ 'ਹਿੱਤਾਂ ਦਾ ਟਕਰਾਅ' ਦੀ ਸ਼੍ਰੇਣੀ 'ਚ ਆਉਂਦੇ ਹਨ ਕਿਉਂਕਿ ਉਹ ਬਿਜਲੀ ਮੰਤਰੀ ਹਨ ਤੇ ਸੂਬੇ ਦੀ ਬਿਜਲੀ ਕੰਪਨੀ ਪੀ. ਐੱਸ. ਪੀ. ਸੀ. ਐੱਲ. ਨੇ ਰਾਣਾ ਸ਼ੂਗਰ ਲਿਮਟਿਡ ਖਿਲਾਫ ਉਕਤ ਪਟੀਸ਼ਨ ਦਾਇਰ ਕੀਤੀ ਹੋਈ ਹੈ ਤੇ ਹੁਣ ਰਾਣਾ ਗੁਰਜੀਤ ਵਲੋਂ ਉਕਤ ਪਟੀਸ਼ਨ ਵਾਪਿਸ ਲਏ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਇਸੇ ਤਰ੍ਹਾਂ ਉਹ ਰੇਤ ਖਨਨ ਮਾਮਲੇ 'ਚ ਤੇ ਸ਼ਾਮਲਾਟ ਜ਼ਮੀਨ ਹਥਿਆਉਣ ਦੇ ਮਾਮਲੇ 'ਚ ਲਾਏ ਗਏ ਆਪਣੇ ਦੋਸ਼ਾਂ 'ਤੇ ਵੀ ਕਾਇਮ ਹਨ ਤੇ ਰਾਣਾ ਨੂੰ ਬਹਿਸ ਦੀ ਚੁਣੌਤੀ ਦਿੰਦੇ ਹਨ। 
ਖਹਿਰਾ ਨੇ ਕਿਹਾ ਕਿ ਜੇਕਰ ਬਹਿਸ ਲਈ ਰਾਣਾ ਗੁਰਜੀਤ ਨਾ ਪਹੁੰਚੇ ਤਾਂ ਮੰਨ ਲਿਆ ਜਾਏਗਾ ਕਿ ਮੇਰੇ ਵਲੋਂ ਉਸਦੇ ਖਿਲਾਫ ਲਾਏ ਗਏ ਸਾਰੇ ਇਲਜ਼ਾਮ ਸੱਚੇ, ਸਹੀ ਤੇ ਤੱਥਾਂ 'ਤੇ ਆਧਾਰਿਤ ਹਨ।


Related News