ਪਲੇਆਫ ’ਚ ਉਮੀਦਾਂ ਨੂੰ ਪੁਖਤਾ ਕਰਨ ਦੀ ਕੋਸ਼ਿਸ਼ ’ਚ ਲੱਗੀ LSG ਦੇ ਸਾਹਮਣੇ KKR ਦੀ ਮਜ਼ਬੂਤ ਚੁਣੌਤੀ
Saturday, May 04, 2024 - 09:05 PM (IST)
ਲਖਨਊ- ਇੰਡੀਅਨ ਪ੍ਰੀਮੀਅਰ ਲੀਗ ’ਚ ਪਲੇਆਫ ਵੱਲ ਵਧ ਰਹੀ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀਆਂ ਟੀਮਾਂ ਐਤਵਾਰ ਨੂੰ ਜਦੋਂ ਇਕ-ਦੂਜੇ ਦੇ ਸਾਹਮਣੇ ਮੈਦਾਨ ’ਚ ਹੋਣਗੀਆਂ ਤਾਂ ਉਨ੍ਹਾਂ ਦਾ ਇਰਾਦਾ ਜਿੱਤ ਦੇ ਨਾਲ ਅੰਤਿਮ ਚਾਰ ’ਚ ਆਪਣੀ ਥਾਂ ਦਾ ਦਾਅਵਾ ਮਜ਼ਬੂਤ ਕਰਨ ’ਤੇ ਹੋਵੇਗਾ। ਮੁੰਬਈ ਇੰਡੀਅਨਜ਼ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਘੱਟ ਸਕੋਰ ਵਾਲੇ ਮੈਚ ’ਚ 24 ਦੌੜਾਂ ਨਾਲ ਹਰਾਉਣ ਤੋਂ ਬਾਅਦ ਕੇ. ਕੇ. ਆਰ. ਦੇ ਨਾਂ 14 ਅੰਕ ਹੋ ਗਏ ਹਨ ਅਤੇ ਟੀਮ ਪਲੇਆਫ ਕੁਆਲੀਫਿਕੇਸ਼ਨ ਦੇ ਬੇਹੱਦ ਨੇੜੇ ਹੈ। ਅਜਿਹੇ ’ਚ ਲੋਕੇਸ਼ ਰਾਹੁਲ ਦੀ ਅਗਵਾਈ ’ਚ ਐੱਲ. ਐੱਸ. ਜੀ. ’ਤੇ ਦਬਾਅ ਹਵੇਗਾ ਕਿ ਉਹ ਸ਼੍ਰੇਅਸ ਅਈਅਰ ਦੀ ਟੀਮ ਦੇ ਖਤਰੇ ਤੋਂ ਬਚਣ ਦਾ ਰਾਹ ਲੱਭੇ। ਐੱਲ. ਐੱਸ. ਜੀ. ਦੇ 10 ਮੈਚਾਂ ’ਚ 6 ਜਿੱਤਾਂ ਅਤੇ ਚਾਰ ਹਾਰਾਂ ਨਾਲ 12 ਅੰਕ ਹਨ ਅਤੇ ਇਹ ਟੀਮ ਕੇ. ਕੇ. ਆਰ. ਤੋਂ ਸਿਰਫ ਇਕ ਸਥਾਨ ਹੇਠਾਂ ਤੀਜੇ ਨੰਬਰ ’ਤੇ ਹੈ। ਚੌਥੇ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ (12 ਅੰਕ) ਜਦੋਂਕਿ ਚੇਨਈ ਸੁਪਰਕਿੰਗਜ਼ (10 ਅੰਕ) ਅਤੇ ਦਿੱਲੀ ਕੈਪੀਟਲ (10 ਅੰਕ) ਵੀ ਮਜ਼ਬੂਤੀ ਦੇ ਨਾਲ ਚੋਟੀ ਦੇ ਚਾਰ ’ਚ ਥਾਂ ਬਣਾਉਣ ਦੀ ਦੌੜ ’ਚ ਬਣੀਆਂ ਹੋਈਆਂ ਹਨ। ਐੱਲ. ਐੱਸ. ਜੀ. ਨੂੰ ਇੱਥੇ ਏਕਾਨਾ ਸਟੇਡੀਅਮ ’ਚ ਆਪਣੇ ਪਿਛਲੇ ਮੁਕਾਬਲੇ ’ਚ ਮੁੰਬਈ ਇੰਡੀਅਨਜ਼ ਵਿਰੁੱਧ 145 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਲਈ ਸਖਤ ਮਿਹਨਤ ਕਰਨੀ ਪਈ। ਟੀਮ ਆਖਰੀ ਓਵਰ ’ਚ ਸਿਰਫ ਚਾਰ ਵਿਕਟਾਂ ਨਾਲ ਜਿੱਤ ਹਾਸਲ ਕਰ ਸਕੀ। ਕਪਤਾਨ ਰਾਹੁਲ ਅਤੇ ਆਲਰਾਊਂਡਰ ਮਾਰਕਸ ਸਟੋਇਨਿਸ ਨੇ ਐੱਲ. ਐੱਸ. ਜੀ. ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਕੀ ਦੱਖਣੀ ਅਫਰੀਕਾ ਦੇ ਤਜਰਬੇਕਾਰ ਕਵਿੰਟਨ ਡੀਕਾਕ ਨੂੰ ਨੌਜਵਾਨ ਅਰਸ਼ਿਨ ਕੁਲਕਰਨੀ ਦੀ ਥਾਂ ’ਤੇ ਵਾਪਸ ਲਿਆਇਆ ਜਾਂਦਾ ਹੈ। ਕੁਲਕਰਨੀ ਨੇ ਪਿਛਲੇ ਮੈਚ ’ਚ ਪਾਰੀ ਦੀ ਸ਼ੁਰੂਆਤ ਕੀਤੀ ਸੀ। ਨਿਕੋਲਸ ਪੂਰਨ ਨੇ ਇਸ ਸੈਸ਼ਨ ’ਚ ਹੁਣ ਤੱਕ ਅਰਧ-ਸੈਂਕੜਾ ਨਹੀਂ ਬਣਾਇਆ ਹੈ ਪਰ ਉਸ ਨੇ ਕਈ ਮੌਕਿਆਂ ’ਤੇ ਆਖਰੀ ਓਵਰ ’ਚ ਟੀਮ ਲਈ ਤੇਜ਼ੀ ਨਾਲ ਦੌੜਾਂ ਬਣਾਈਆਂ ਹਨ। ਉਹ ਹਾਲਾਂਕਿ ਮੁੰਬਈ ਵਿਰੁੱਧ ਦੌੜਾਂ ਬਣਾਉਣ ’ਚ ਸੰਘਰਸ਼ ਕਰਦਾ ਦਿਸਿਆ, ਜਿਸ ਨਾਲ ਉਸ ਦਾ ‘ਫਿਨਿਸ਼ਿੰਗ ਕੌਸ਼ਲ’ ਸਵਾਲਾਂ ਦੇ ਘੇਰੇ ’ਚ ਹੈ। ਆਯੂਸ਼ ਬਡੋਨੀ ਵੀ ਇਸ ਸੈਸ਼ਨ ’ਚ ਇਕ ਅੱਧਾ ਮੈਚ ਛੱਡ ਕੇ ਪ੍ਰਭਾਵਿਤ ਕਰਨ ’ਚ ਅਸਫਲ ਰਿਹਾ ਹੈ। ਉਹ ਕੇ. ਕੇ. ਆਰ. ਵਿਰੁੱਧ ਲੈਅ ਹਾਸਲ ਕਰਨਾ ਚਾਵੇਗਾ। ਲਖਨਊ ਦੀ ਟੀਮ ਦੇ ਗੇਂਦਬਾਜ਼ਾਂ ਨੂੰ ਕੇ. ਕੇ. ਆਰ. ਦੇ ਹਮਲਾਵਰ ਬੱਲੇਬਾਜ਼ਾਂ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਹੋਵੇਗਾ। ਟੀਮ ਨੂੰ ਤੇਜ਼ ਗੇਂਦਬਜ਼ੀ ਤੋਂ ਪ੍ਰਭਾਵਿਤ ਕਰਨ ਵਾਲੇ ਮਯੰਕ ਯਾਦਵ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਕੇ. ਕੇ. ਆਰ. ਦੀ ਟੀਮ ਨੂੰ ਇਸ ਸੈਸ਼ਨ ’ਚ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੇ ਇਨ੍ਹੀਂ ਦਿਨੀਂ ਹਾਰ ਤੋਂ ਬਾਅਦ ਮਜ਼ਬੂਤ ਵਾਪਸੀ ਕੀਤੀ ਹੈ। ਮੁੰਬਈ ਵਿਰੁੱਧ ਪਿਛਲੇ ਮੈਚ ’ਚ ਟੀਮ ਨੇ 57 ਦੌੜਾਂ ਤੱਕ 5 ਵਿਕਟਾਂ ਗਵਾ ਦਿੱਤੀਆਂ ਸਨ ਪਰ ਵੈਂਕਟੇਸ਼ ਅੱਈਅਰ (70) ਅਤੇ ਮਨੀਸ਼ ਪਾਂਡੇ (42) ਨੇ 83 ਦੌੜਾਂ ਦੀ ਚੰਗੀ ਸਾਂਝੇਦਾਰੀ ਕਰ ਕੇ ਟੀਮ ਨੂੰ ਬਚਾਇਆ। ਦੋਵਾਂ ਨੇ ਸ਼ਾਨਦਾਰ ਢੰਗ ਨਾਲ ਦਬਾਅ ਝੱਲਣ ਦੇ ਨਾਲ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਲਗਾਤਾਰ ਫਰਕ ’ਤੇ ਵਿਕਟਾਂ ਝਟਕਾਉਂਦੇ ਹੋਏ ਮੁੰਬਈ ਦੀ ਟੀਮ ਨੂੰ 18.5 ਓਵਰਾਂ ’ਚ ਆਊਟ ਕਰ ਕੇ 24 ਦੌੜਾਂ ਦੀ ਯਾਦਗਾਰ ਜਿੱਤ ਦਰਜ ਕੀਤੀ।
ਐੱਲ. ਐੱਸ. ਜੀ. : ਕੇ. ਐੱਲ ਰਾਹੁਲ (ਕਪਤਾਨ), ਕਵਿੰਟਨ ਡੀਕਾਕ, ਨਿਕੋਲਸ ਪੂਰਨ, ਆਯੂਸ਼ ਬਦੋਨੀ, ਕਾਇਲ ਮੇਅਰਸ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਦੇਵਦੱਤ ਪਡਿੱਕਲ, ਰਵੀ ਬਿਸ਼ਨੋਈ, ਨਵੀਨ ਉਲ ਹਕ, ਕਰੁਣਾਲ ਪੰਡਯਾ, ਯੁੱਧਵੀਰ ਸਿੰਘ, ਪ੍ਰੇਰਕ ਮਾਂਕੜ, ਯਸ਼ ਠਾਕੁਰ, ਅਮਿਤ ਮਿਸ਼ਰਾ, ਸ਼ਮਰ ਜੋਸੇਫ, ਮਯੰਕ ਯਾਦਵ, ਮੋਹਸਿਨ ਖਾਨ, ਕੇ. ਗੌਤਮ, ਸ਼ਿਵਮ ਮਾਵੀ, ਅਰਸ਼ਿਨ, ਕੁਲਕਰਨੀ, ਐੱਮ. ਸਿਧਾਰਥ, ਐਸ਼ਟਨ ਟਰਨਰ, ਮੈਟ ਹੈਨਰੀ, ਮੁਹੰਮਦ ਅਰਸ਼ਦ ਖਾਨ।
ਕੇ. ਕੇ. ਆਰ : ਸ਼੍ਰੇਅਸ ਅੱਈਅਰ (ਕਪਤਾਨ), ਕੇ. ਐੱਸ. ਭਰਤ, ਰਹਿਮਾਨਉਲ੍ਹਾ ਗੁਰਬਾਜ਼, ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦ੍ਰੇ ਰਸੇਲ, ਨਿਤੀਸ਼ ਰਾਣਾ, ਵੈਂਕਟੇਸ਼ ਅੱਈਅਰ, ਅਨੁਕੂਲ ਰਾਇ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ, ਚੇਤਨ ਸਕਾਰੀਆ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਥਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗਟ ਐਟਿਕਿੰਸਨ, ਅੱਲ੍ਹਾ ਗਜਨਫਰ, ਫਿਲ ਸਾਲਟ।
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 7 ਵਜੇ ਤੋਂ ਖੇਡਿਆ ਜਾਵੇਗਾ।