ਆਸਟ੍ਰੇਲੀਆ ’ਚ ਕਥਿਤ ਫੁੱਟਬਾਲ ਮੈਚ ਫਿਕਸਿੰਗ ’ਚ ਕਲੱਬ ਟੀਮ ਦਾ ਕਪਤਾਨ ਤੇ ਦੋ ਹੋਰ ਖਿਡਾਰੀ ਗ੍ਰਿਫਤਾਰ

05/17/2024 8:20:03 PM

ਸਿਡਨੀ–ਆਸਟ੍ਰੇਲੀਅਨ ਪੇਸ਼ੇਵਰ ਫੁੱਟਬਾਲ ਵਿਚ ਸ਼ੁੱਕਰਵਾਰ ਨੂੰ ਲੀਗ ਕਲੱਬ ਮੈਕਾਰਥਰ ਐੱਫ. ਸੀ. ਦੇ ਕਪਤਾਨ ਵੱਲੋਂ ਦੋ ਨੌਜਵਾਨ ਸਾਥੀ ਖਿਡਾਰੀਆਂ ਨੂੰ ਜਾਣਬੁੱਝ ਕੇ ਪੀਲਾ ਕਾਰਡ ਹਾਸਲ ਕਰਨ ਲਈ 10,000 ਆਸਟ੍ਰੇਲੀਅਨ ਡਾਲਰ ਦੀ ਰਾਸ਼ੀ ਦੇਣ ਦੇ ਦੋਸ਼ਾਂ ਤੋਂ ਬਾਅਦ ਤਹਿਲਕਾ ਮਚ ਗਿਆ। ਇਸ ਵਿਚ ਮੈਕਾਰਥਰ ਐੱਫ. ਸੀ. ਦਾ ਕਪਤਾਨ ਓਲੀਸੇਸ ਡਾਵਿਲਾ ਅਤੇ ਸਾਥੀ ਖਿਡਾਰੀ ਕੀਰਿਨ ਬਾਕੁਸ ਤੇ ਕਲੇਟਨ ਲੂਈਸ ਨੂੰ ਮੈਚ ਫਿਕਸਿੰਗ ਵਿਚ ਕਥਿਤ ਤੌਰ ’ਤੇ ਸ਼ਾਮਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ।
ਪੁਲਸ ਦਾ ਕਹਿਣਾ ਹੈ ਕਿ ਜਿੱਤਣ ਲਈ ਸੈਂਕੜੇ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਗਈ। ਸ਼ੁੱਕਰਵਾਰ ਨੂੰ ਸਾਰੇ ਤਿੰਨੇ ਖਿਡਾਰੀਆਂ ਨੂੰ ਅਧਿਕਾਰਤ ਤੌਰ ’ਤੇ ਮੁਲਜ਼ਮ ਦੱਸਿਆ ਗਿਆ ਤੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਡਾਵਿਲਾ 24 ਜੂਨ ਨੂੰ ਅਦਾਲਤ ਵਿਚ ਪੇਸ਼ ਹੋਵੇਗਾ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ 24 ਨਵੰਬਰ ਤੇ 9 ਦਸੰਬਰ ਨੂੰ ਖੇਡੇ ਗਏ ਮੈਚਾਂ ਦੌਰਾਨ ਪੀਲੇ ਕਾਰਡ ਲਈ ਛੇੜਖਾਨੀ ਕੀਤੀ ਗਈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ 20 ਅਪ੍ਰੈਲ ਤੇ 4 ਮਈ ਨੂੰ ਮੈਚ ਦੌਰਾਨ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਸਫਲ ਨਹੀਂ ਹੋ ਸਕੀ। ਫੁੱਟਬਾਲ ਆਸਟ੍ਰੇਲੀਆ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ ਨੂੰ ਸਵੇਰੇ ਖਿਡਾਰੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਕਰ ਰਹੇ ਹਨ।


Aarti dhillon

Content Editor

Related News