ਭੱਠਲ, ਖਹਿਰਾ ਵਲੋਂ ਢੀਂਡਸਾਂ ਨੂੰ ਕਾਂਗਰਸ ''ਚ ਸ਼ਾਮਿਲ ਹੋਣ ਦਾ ਸੱਦਾ, ਕਿਹਾ ਸੁਖਬੀਰ ਨੇ ਕੀਤਾ ਸਿਆਸੀ ਕਤਲ
Saturday, Apr 20, 2024 - 04:01 PM (IST)
ਲਹਿਰਾਗਾਗਾ (ਗਰਗ) : ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕਿਸਾਨ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਅਕਾਲੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਵਿਚ ਪਰਮਿੰਦਰ ਢੀਂਡਸਾ ਨੂੰ ਪੂਰਾ ਮਾਣ ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇ ਕੇ ਢੀਂਡਸਾ ਪਰਿਵਾਰ ਦਾ ਸਿਆਸੀ ਕਤਲ ਕੀਤਾ ਹੈ ਜਦਕਿ ਪਰਮਿੰਦਰ ਢੀਂਡਸਾ ਬਹੁਤ ਹੀ ਸੁਲਝੇ ਹੋਏ ਸ਼ਰੀਫ਼ ਸਿਆਸਤਦਾਨ ਹਨ ਪਰ ਸੁਖਬੀਰ ਬਾਦਲ ਕਦੇ ਵੀ ਢੀਂਡਸਾ ਪਰਿਵਾਰ ਨੂੰ ਸਿਆਸਤ ਵਿਚ ਅੱਗੇ ਵੱਧਦਾ ਨਹੀਂ ਦੇਖਣਾ ਚਾਹੁੰਦਾ, ਇਸ ਲਈ ਢੀਂਡਸਾ ਪਰਿਵਾਰ ਨੂੰ ਪੰਜਾਬ ਅਤੇ ਕਿਸਾਨ ਹਿਤੈਸ਼ੀ ਕਾਂਗਰਸ ਦਾ ਸਾਥ ਦੇਣਾ ਚਾਹੀਦੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਦੀ ਗੱਲ 'ਤੇ ਬੀਬੀ ਭੱਠਲ ਨੇ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਪਰਮਿੰਦਰ ਢੀਂਡਸਾ ਲਹਿਰਾ ਹਲਕੇ ਤੋਂ ਚੋਣ ਲੜਨਾ ਚਾਹੁਣਗੇ ਤਾਂ ਉਹ ਕੋਈ ਹੋਰ ਹਲਕਾ ਦੇਖ ਲੈਣਗੇ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਦੋਵੇਂ ਹੱਥੀ ਢੀਂਡਸਾ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣਾ ਚਾਹੁੰਦੀ ਹੈ।
ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਢੀਂਡਸਾਂ ਪਰਿਵਾਰ ਨੂੰ ਲੈ ਕੇ ਸਿਆਸੀ ਊਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਜਿੱਥੇ ਸੁਖਬੀਰ ਬਾਦਲ ਢੀਂਡਸਾ ਪਰਿਵਾਰ ਨੂੰ ਮਨਾਉਣ ਵਿਚ ਜੁਟਿਆ ਹੋਇਆ ਹੈ ,ਉੱਥੇ ਹੀ ਵੱਖ-ਵੱਖ ਪਾਰਟੀਆਂ ਵੀ ਢੀਂਡਸਾ ਪਰਿਵਾਰ ਨੂੰ ਆਪਣੇ ਨਾਲ ਮਿਲਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਬੀਬੀ ਭੱਠਲ ਦੇ ਬੇਟੇ ਰਾਹੁਲ ਇੰਦਰ ਸਿੰਘ ਸਿੱਧੂ, ਪੀ. ਏ. ਰਵਿੰਦਰ ਸਿੰਘ ਟੁਰਨਾ, ਸੀਨੀਅਰ ਆਗੂ ਹੰਸ ਰਾਜ ਧੂਰੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ ਠੇਕੇਦਾਰ, ਸੁਰੇਸ਼ ਕੁਮਾਰ ਠੇਕੇਦਾਰ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਸਾਬਕਾ ਡਾਇਰੈਕਟਰ ਸੰਜੀਵ ਕੁਮਾਰ ਹਨੀ, ਦਲਜੀਤ ਸਿੰਘ ਵਿਰਕ, ਸਰਪੰਚ ਨਿਰਭੈ ਸਿੰਘ ਢੀਂਡਸਾ, ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਿੰਕੂ, ਸੋਸ਼ਲ ਮੀਡੀਆ ਇੰਚਾਰਜ ਕਰਮਜੀਤ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।