ਬਾਰਿਸ਼ ਨਾਲ ਡਿੱਗਾ ਪਾਰਾ, ਪੂਰਾ ਦਿਨ ਭਿੱਜਦਾ ਰਿਹਾ ਸ਼ਹਿਰ

09/24/2017 8:11:44 AM

ਚੰਡੀਗੜ੍ਹ  (ਰੋਹਿਲਾ) - ਸ਼ੁੱਕਰਵਾਰ ਨੂੰ ਸ਼ੁਰੂ ਹੋਈ ਬਾਰਿਸ਼ ਸ਼ਨੀਵਾਰ ਪੂਰਾ ਦਿਨ ਪੈਂਦੀ ਰਹੀ। ਬਾਰਿਸ਼ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਪੂਰਾ ਦਿਨ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸੜਕਾਂ ਤੇ ਗਲੀ-ਮੁਹੱਲਿਆਂ 'ਚ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਪੇਸ਼ ਆਈ। ਮੌਸਮ ਮਾਹਿਰਾਂ ਮੁਤਾਬਿਕ ਐਤਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਐਤਵਾਰ ਨੂੰ ਬਾਰਿਸ਼ ਹਲਕੀ-ਫੁਲਕੀ ਹੀ ਰਹੇਗੀ। ਸ਼ੁੱਕਰਵਾਰ ਤੋਂ ਸ਼ੁਰੂ ਹੋਈ ਬਾਰਿਸ਼ ਰਾਤ ਵੀ ਜਾਰੀ ਰਹਿਣ ਦੇ ਬਾਅਦ ਸ਼ਨੀਵਾਰ ਸ਼ਾਮ ਨੂੰ ਜਾ ਕੇ ਰੁਕੀ। ਤਾਪਮਾਨ 'ਚ 6 ਡਿਗਰੀ ਸੈਲਸੀਅਸ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਸ਼ੁੱਕਰਵਾਰ ਨੂੰ ਜਿਥੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਉਥੇ ਹੀ ਸ਼ਨੀਵਾਰ ਨੂੰ ਉਹ ਭਾਰੀ ਗਿਰਾਵਟ ਦੇ ਨਾਲ 24.5 ਡਿਗਰੀ ਸੈਲਸੀਅਸ 'ਤੇ ਜਾ ਪਹੁੰਚਿਆ। ਦਿਨ ਦਾ ਘੱਟੋ-ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਿਕ ਸਵੇਰੇ ਸਾਢੇ 8 ਵਜੇ ਤਕ ਸਤੰਬਰ ਮਹੀਨੇ ਦੀ ਕੁਲ 84.3 ਐੈੱਮ. ਐੈੱਮ. ਬਾਰਿਸ਼ ਦਰਜ ਕੀਤੀ ਗਈ ਸੀ, ਜਦੋਂਕਿ ਸ਼ਨੀਵਾਰ ਨੂੰ ਸਾਢੇ 8 ਵਜੇ ਦੇ ਬਾਅਦ ਸ਼ਾਮ ਸਾਢੇ 6 ਵਜੇ ਤਕ ਕੁਲ 46.9 ਐੈੱਮ. ਐੈੱਮ. ਬਾਰਿਸ਼ ਦਰਜ ਕੀਤੀ ਗਈ। ਉਥੇ ਹੀ ਬਾਰਿਸ਼ ਕਾਰਨ ਸ਼ਹਿਰ 'ਚ ਕਈ ਰੁੱਖ ਡਿੱਗ ਗਏ। ਪਲਸੌਰਾ 'ਚ ਤਿੰਨ ਰੁੱਖ ਸੜਕ 'ਤੇ ਡਿੱਗ ਗਏ। ਹਾਲਾਂਕਿ ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ ਪਰ ਉਥੇ ਜਾਮ ਵਰਗੀ ਸਥਿਤੀ ਬਣ ਗਈ।


Related News