ਗਰਮੀਆਂ ਦੀਆਂ ਛੁੱਟੀਆਂ ਲਈ ਰੇਲਵੇ ਨੇ ਚਲਾਈਆਂ 2 ਵਿਸ਼ੇਸ਼ ਰੇਲਾਂ
Wednesday, Jun 12, 2024 - 12:41 PM (IST)
ਚੰਡੀਗੜ੍ਹ (ਲਲਨ) : ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੰਬੇ ਰੂਟ ਦੀਆਂ ਰੇਲ ਗੱਡੀਆਂ ਭਰੀਆਂ ਰਹਿਣ ਕਾਰਨ ਰੇਲਵੇ ਨੇ ਬੁੱਧਵਾਰ ਤੋਂ ਸਹਰਸਾ ਤੋਂ ਸਰਹਿੰਦ ਤੇ ਦਰਭੰਗਾ-ਅੰਮ੍ਰਿਤਸਰ ਦਰਿਮਆਨ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਅੰਬਾਲਾ ਡਿਵੀਜ਼ਨ ਦੇ ਡੀ. ਆਰ. ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਗੱਡੀ ਨੰਬਰ 05575 ਬੁੱਧਵਾਰ ਨੂੰ ਸਹਰਸਾ ਤੋਂ ਸ਼ਾਮ 7.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 1 ਵਜੇ ਦੇ ਕਰੀਬ ਸਰਹਿੰਦ ਪਹੁੰਚੇਗੀ।
ਇਸੇ ਤਰ੍ਹਾਂ ਸਰਹਿੰਦ ਤੋਂ ਰੇਲ ਨੰਬਰ 05576 ਰਾਤ 2 ਵਜੇ ਰਵਾਨਾ ਹੋਵੇਗੀ ਅਤੇ 15 ਜੂਨ ਨੂੰ ਸਵੇਰੇ 9.45 ਵਜੇ ਸਹਰਸਾ ਪਹੁੰਚੇਗੀ। ਦੂਜੀ ਗੱਡੀ ਨੰਬਰ 05559 ਦਰਭੰਗਾ ਤੋਂ 13 ਜੂਨ ਨੂੰ ਰਾਤ 8.20 ਵਜੇ ਰਵਾਨਾ ਹੋਵੇਗੀ ਅਤੇ 15 ਜੂਨ ਨੂੰ ਰਾਤ 1.25 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ 15 ਜੂਨ ਨੂੰ ਸਵੇਰੇ 4.25 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ 16 ਜੂਨ ਨੂੰ ਸਵੇਰੇ 10 ਵਜੇ ਦਰਭੰਗਾ ਪਹੁੰਚੇਗੀ। ਇਹ ਦੋਵੇਂ ਰੇਲਗੱਡੀਆਂ ਅੰਬਾਲਾ ਰਾਹੀਂ ਜਾਣਗੀਆਂ।