ਰੇਲਵੇ ਦੇ ਦਾਅਵੇ ਠੁੱਸ, 5 ਸਾਲਾਂ ਦੌਰਾਨ ਇਸ ਵਰ੍ਹੇ ਟਰੇਨਾਂ 'ਚ ਹੋਈਆਂ ਸਭ ਤੋਂ ਵੱਧ ਚੋਰੀਆਂ

12/27/2019 5:56:35 PM

ਚੰਡੀਗੜ੍ਹ (ਲਲਨ) : ਸਰਕਾਰ ਵਲੋਂ ਜਿੰਨੇ ਵੀ ਦਾਅਵੇ ਮੁਸਾਫਰਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਹੋਣ ਪਰ ਸੱਚ ਇਹ ਹੈ ਕਿ 2019 'ਚ ਸਫਰ ਦੌਰਾਨ ਮੁਸਾਫਰਾਂ ਨਾਲ ਜ਼ਿਆਦਾ ਲੁੱਟ-ਖਸੁੱਟ ਹੋਈ। ਇਹ ਅੰਕੜਾ ਚੰਡੀਗੜ੍ਹ ਜੀ. ਆਰ. ਪੀ. ਥਾਣੇ 'ਚ ਦਰਜ ਜ਼ੀਰੋ ਐੱਫ.ਆਈ.ਆਰ. ਤੋਂ ਮਿਲਿਆ ਕਿਉਂਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 129 ਮਾਮਲੇ ਜ਼ਿਆਦਾ ਦਰਜ ਹੋਏ ਹਨ। ਅਜਿਹੇ 'ਚ ਤੁਸੀਂ ਔਸਤ ਕੱਢ ਸਕਦੇ ਹੋ ਕਿ ਹਰ ਮਹੀਨੇ ਟਰੇਨ 'ਚ ਕਰੀਬ 19 ਦਿਨ ਚੋਰੀ ਹੁੰਦੀ ਹੈ। ਅਜਿਹੇ 'ਚ ਰੇਲਵੇ ਵਲੋਂ ਕੀਤੇ ਜਾ ਰਹੇ ਸਾਰੇ ਦਾਅਵੇ ਗਲਤ ਸਾਬਿਤ ਹੋ ਰਹੇ ਹਨ।

PunjabKesari

ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਜ਼ਿਆਦਾਤਰ ਘਟਨਾਵਾਂ ਦਿੱਲੀ ਦੇ ਆਸ-ਪਾਸ ਹੁੰਦੀਆਂ ਹਨ, ਜਿਸ ਕਾਰਨ ਚੰਡੀਗੜ੍ਹ 'ਚ ਐੱਫ. ਆਈ. ਆਰ. ਦਰਜ ਕਰਨ ਸਬੰਧੀ ਥਾਣੇ 'ਚ ਭੇਜ ਦਿੰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਜੇ ਸੂਬੇ ਤੋਂ ਚੰਡੀਗੜ੍ਹ ਆਉਣ ਵਾਲੀਆਂ ਟਰੇਨਾਂ 'ਚ ਯਾਤਰਾ ਕਰ ਰਹੇ ਲੋਕਾਂ ਨੂੰ ਚੋਰ ਆਪਣਾ ਸ਼ਿਕਾਰ ਬਣਾਉਂਦੇ ਹਨ ਪਰ ਟਰੇਨ ਦਾ ਅੰਤਿਮ ਪੜਾਅ ਹੋਣ ਕਾਰਨ ਮਾਮਲਾ ਸਾਨੂੰ ਦਰਜ ਕਰਨਾ ਪੈਂਦਾ ਹੈ। ਹਾਲਾਂਕਿ ਜੀ. ਆਰ. ਪੀ. ਵਲੋਂ ਸੰਵੇਦਨਸ਼ੀਲ ਥਾਵਾਂ ਦਾ ਸਰਵੇ ਵੀ ਕੀਤਾ ਜਾ ਚੁੱਕਾ ਹੈ।

PunjabKesari

ਇਸ ਸਾਲ ਦਰਜ ਹੋਈਆਂ ਸਭ ਤੋਂ ਜ਼ਿਆਦਾ ਜ਼ੀਰੋ ਐੱਫ. ਆਈ. ਆਰ.
ਟਰੇਨਾਂ 'ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਰੇਲਵੇ ਵਿਭਾਗ ਵਲੋਂ 181 ਨੰਬਰ ਦਿੱਤਾ ਗਿਆ ਹੈ ਪਰ ਇਹ ਨੰਬਰ ਜ਼ਿਆਦਾਤਰ ਬਿਜ਼ੀ ਰਹਿੰਦਾ ਹੈ। ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਪੂਰੇ ਮਹੀਨੇ 'ਚ ਹੋਈਆਂ ਚੋਰੀਆਂ ਦੇ ਮਾਮਲੇ ਇਸ ਸਾਲ ਦੁੱਗਣੇ ਤੋਂ ਜ਼ਿਆਦਾ ਹੋਏ ਹਨ। ਜਾਣਕਾਰੀ ਅਨੁਸਾਰ 2018 'ਚ ਚੰਡੀਗੜ੍ਹ ਜੀ. ਆਰ. ਪੀ. ਕੋਲ ਕਰੀਬ 97 ਜ਼ੀਰੋ ਐੱਫ. ਆਈ. ਆਰ. ਦਰਜ ਹੋਈਆਂ ਸਨ ਪਰ 2019 'ਚ ਇਹ ਅੰਕੜਾ 226 ਤੱਕ ਪਹੁੰਚ ਗਿਆ ਹੈ। ਇਸ ਦੇ ਮੁਕਾਬਲੇ ਸਥਾਨਕ ਥਾਣੇ 'ਚ 87 ਐੱਫ. ਆਈ. ਆਰ. ਦਰਜ ਹੋਈਆਂ ਹਨ। ਅਜਿਹੇ 'ਚ ਤੁਸੀਂ ਸੋਚ ਸਕਦੇ ਹੋ ਕੇ ਰੇਲਵੇ ਵਲੋਂ ਜਿੰਨੀ ਵੀ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਸਿਰਫ ਕਾਗਜ਼ਾਂ 'ਚ ਸਿਮਟ ਕੇ ਰਹਿ ਗਏ ਹਨ।

PunjabKesari
ਅਲੀਗੜ੍ਹ, ਮੁਰਾਦਾਬਾਦ ਅਤੇ ਦਿੱਲੀ ਦੇ ਰਸਤੇ ਸੰਵੇਦਨਸ਼ੀਲ
ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੀਆਂ ਜ਼ਿਆਦਾਤਰ ਟਰੇਨਾਂ ਦਿੱਲੀ ਅਤੇ ਮੁਰਾਦਾਬਾਦ ਦੇ ਰਸਤੇ ਚੰਡੀਗੜ੍ਹ ਆਉਂਦੀਆਂ ਹਨ। ਅਜਿਹੇ 'ਚ ਚੋਰ ਇਨ੍ਹਾਂ ਸਟੇਸ਼ਨਾਂ ਦੇ ਆਸ-ਪਾਸ ਹੀ ਮੁਸਾਫਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਸ ਸਬੰਧੀ ਜੀ. ਆਰ. ਪੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਦਿੱਲੀ ਅਤੇ ਉਸ ਦੇ ਆਸ-ਪਾਸ ਦੇ ਥਾਣਿਆਂ ਤੋਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅਲੀਗੜ੍ਹ, ਮੁਰਾਦਾਬਾਦ ਅਤੇ ਦਿੱਲੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਮੰਨੇ ਜਾ ਰਹੇ ਹਨ। ਮੁਸਾਫਰਾਂ ਵਲੋਂ ਇਹ ਹੀ ਬਿਆਨ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਸਟੇਸ਼ਨਾਂ ਦੇ ਆਲੇ-ਦੁਆਲੇ ਚੋਰੀ ਹੋਈ ਹੈ। ਅਜਿਹੇ 'ਚ ਮਾਮਲਾ ਦਰਜ ਕਰ ਕੇ ਇਨ੍ਹਾਂ ਸਟੇਸ਼ਨਾਂ ਨੂੰ ਭੇਜ ਦਿੱਤਾ ਜਾਂਦਾ ਹੈ।

PunjabKesari

ਜੈਪੁਰ ਇੰਟਰਸਿਟੀ ਅਤੇ ਗਰੀਬ ਰੱਥ 'ਚ ਸਫਰ ਕਰਨ ਵਾਲੇ ਯਾਤਰੀ ਨਹੀਂ ਸੁਰੱਖਿਅਤ
ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਸ਼ਤਾਬਦੀ ਸੁਪਰਫਾਸਟ ਟਰੇਨ 'ਚ ਚੋਰੀ ਦੀਆਂ ਵਾਰਦਾਤਾਂ ਸਭ ਤੋਂ ਘੱਟ ਹੁੰਦੀਆਂ ਹਨ ਪਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਤੋਂ ਦੂਜੇ ਰਾਜਾਂ 'ਚ ਆਉਣ-ਜਾਣ ਵਾਲੀ ਟਰੇਨਾਂ 'ਚ ਕੁਝ ਅਜਿਹੀਆਂ ਟਰੇਨਾਂ ਹਨ, ਜਿਨ੍ਹਾਂ 'ਚ ਚੋਰੀ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਹਨ। ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਜੈਪੁਰ ਇੰਟਰਸਿਟੀ ਅਤੇ ਗਰੀਬ ਰੱਥ 'ਚ ਚੋਰੀ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਹਨ। ਅਜਿਹੇ 'ਚ ਇਨ੍ਹਾਂ ਟਰੇਨਾਂ 'ਚ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਰੇਲਵੇ ਸਟੇਸ਼ਨ 'ਤੇ ਜਾਗਰੂਕ ਕੀਤਾ ਜਾਂਦਾ ਹੈ।


Gurminder Singh

Content Editor

Related News