''ਇਨੈਕਸ'' ਸੰਭਾਲੇਗਾ ਰੇਲਵੇ ਸਟੇਸ਼ਨ ''ਤੇ ਸੁਰੱਖਿਆ ਦਾ ਜ਼ਿੰਮਾ
Tuesday, Oct 24, 2017 - 09:52 AM (IST)

ਚੰਡੀਗੜ੍ਹ (ਲਲਨ) : ਰੇਲਵੇ ਸਟੇਸ਼ਨ 'ਤੇ ਹੁਣ ਆਰ. ਪੀ. ਐੱਫ. ਦੇ ਦਲ 'ਚ ਸਨਿਫਰ ਡਾਗ 'ਇਨੈਕਸ' ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿਸੇ ਵੀ ਥਾਂ ਰੱਖੀ ਵਿਸਫੋਟਕ ਸਮੱਗਰੀ ਨੂੰ ਸੁੰਘ ਕੇ ਲੱਭ ਲੈਂਦਾ ਹੈ। ਹਾਲਾਂਕਿ ਲੰਬੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਸਟੇਸ਼ਨ 'ਤੇ ਡਾਗ ਸਕੁਐਡ ਤਾਇਨਾਤ ਕੀਤਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਡਾਗ ਸਕੁਐਡ ਨੂੰ ਸਨਿਫਰ ਤੇ ਟ੍ਰੈਕਰ ਦੋ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ। ਸਨਿਫਰ ਡਾਗ ਬੰਬ ਤੇ ਬਾਰੂਦ ਲੱਭਣ 'ਚ ਮਾਹਿਰ ਹੁੰਦਾ ਹੈ, ਜਦੋਂਕਿ ਟ੍ਰੈਕਰ ਵਾਰਦਾਤ ਦੀ ਥਾਂ ਸੁੰਘ ਕੇ ਮੁਲਜ਼ਮ ਨੂੰ ਲੱਭਣ 'ਚ ਮਦਦ ਕਰਦਾ ਹੈ। 'ਇਨੈਕਸ' ਲੈਬ੍ਰੇਡੋਰ ਨਸਲ ਦਾ ਹੈ, ਜਿਸਦੀ ਦੇਖ-ਭਾਲ ਲਈ ਇਕ ਹੈਂਡਲਰ ਨੂੰ ਵੀ ਨਿਯੁਕਤ ਕੀਤਾ ਹੈ। 'ਇਨੈਕਸ' ਨੂੰ ਰੇਲਵੇ ਸਟੇਸ਼ਨ ਦੇ ਕੋਲ ਆਰ. ਪੀ. ਐੱਫ. ਬੈਰਕ 'ਚ ਬਣੇ ਇਕ ਕਮਰੇ 'ਚ ਰੱਖਿਆ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨ ਕੰਪਲੈਕਸ 'ਚ ਰੇਲਵੇ ਸੁਰੱਖਿਆ ਬਲ ਤੇ ਰੇਲਵੇ ਪੁਲਸ ਤਾਇਨਾਤ ਹੈ। ਰੇਲਵੇ ਪੁਲਸ ਕੋਲ ਤਾਂ ਸਨਿਫਰ ਡਾਗ ਹਨ ਪਰ ਆਰ. ਪੀ. ਐੱਫ. ਕੋਲ ਨਹੀਂ ਸੀ। 'ਇਨੈਕਸ' ਦੇ ਹੈਂਡਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਦੀ ਟ੍ਰੇਨਿੰਗ ਤਾਮਿਲਨਾਡੂ ਦੇ ਪੋਧਨੂਰ 'ਚ 8 ਮਹੀਨੇ ਹੋਈ। ਟ੍ਰੇਨਿੰਗ ਇੰਨੀ ਸਖਤ ਹੁੰਦੀ ਹੈ ਕਿ ਕਈ ਕੁੱਤੇ ਤਾਂ ਟ੍ਰੇਨਿੰਗ ਦੌਰਾਨ ਮਰ ਵੀ ਜਾਂਦੇ ਹਨ। ਵਰਿੰਦਰ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਇਨ੍ਹਾਂ ਕੁੱਤਿਆਂ ਨੂੰ ਜੋ ਹੈਂਡਲਰ ਵਲੋਂ ਆਦੇਸ਼ ਦਿੱਤਾ ਜਾਂਦਾ ਹੈ, ਉਹ ਉਵੇਂ ਹੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਨਿਫਰ ਡਾਗ ਦੀ ਦੇਖ-ਰੇਖ ਲਈ ਕਾਂਸਟੇਬਲ ਵੀ ਨਿਯੁਕਤ ਕੀਤਾ ਜਾਂਦਾ ਹੈ। ਵਿਭਾਗ ਵਲੋਂ ਕੁੱਤੇ ਨੂੰ ਤਿਆਰ ਕਰਨ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ।