ਸੁਰੱਖਿਆ ਦੇ ਦਾਅਵਿਆਂ ਦੀ ਨਿਕਲੀ ਹਵਾ, ਸਿਵਲ ਹਸਪਤਾਲ ’ਚੋਂ ਕੈਦੀ ਪੁਲਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
Saturday, Feb 07, 2026 - 10:44 AM (IST)
ਲੁਧਿਆਣਾ (ਰਾਜ) : ਮਹਾਨਗਰ ਦੇ ਸਿਵਲ ਹਸਪਤਾਲ ਵਿਚ ਸੁਰੱਖਿਆ ਵਿਵਸਥਾ ਦੇ ਦਾਅਵਿਆਂ ਦੀ ਉਸ ਸਮੇਂ ਇਕ ਵਾਰ ਫਿਰ ਪੋਲ ਖੁੱਲ੍ਹ ਗਈ ਜਦ ਕੇਂਦਰੀ ਜੇਲ ’ਚੋਂ ਇਲਾਜ ਲਈ ਲਿਆਂਦਾ ਕੈਦੀ ਪੁਲਸ ਕਰਮਚਾਰੀਆਂ ਦੀਆਂ ਅੱਖਾਂ ’ਚ ਧੂੜ ਝੋਕ ਕੇ ਫਰਾਰ ਹੋ ਗਿਆ। ਸ਼ੁੱਕਰਵਾਰ ਦੀ ਦੁਪਹਿਰ ਹੋਈ ਇਸ ਘਟਨਾ ਵਿਚ ਨਾ ਕੇਵਲ ਜੇਲ ਪ੍ਰਸ਼ਾਸਨ ਸਗੋਂ ਸਥਾਨਕ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਜਾਣਕਾਰੀ ਅਨੁਸਾਰ ਫਰਾਰ ਕੈਦੀ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ। ਜੋ ਚੋਰੀ ਦੇ ਮਾਮਲਿਆਂ ਵਿਚ ਲੁਧਿਆਣਾ ਦੀ ਸੈਂਟਰਲ ਜੇਲ ਵਿਚ ਸਜ਼ਾ ਕੱਟ ਰਿਹਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਕੈਦੀ ਨੇ ਬਵਾਸੀਰ ਦੀ ਤਕਲੀਫ ਦਾ ਬਹਾਨਾ ਬਣਾਇਆ ਸੀ ਜਿਸ ਕਾਰਨ ਜੇਲ ਅਧਿਕਾਰੀਆਂ ਨੇ ਉਸ ਨੂੰ ਮੈਡੀਕਲ ਚੈੱਕਅਪ ਅਤੇ ਦਵਾਈ ਲਈ ਸਿਵਲ ਹਸਪਤਾਲ ਭੇਜਿਆ ਸੀ। ਹਸਪਤਾਲ ਦੇ ਸੂਤਰਾਂ ਦੇ ਮੁਤਾਬਕ ਡਾਕਟਰਾਂ ਨੇ ਚੈੱਕਅਪ ਕਰਵਾਉਣ ਤੇ ਦਵਾਈ ਲੈਣ ਦੀਆਂ ਰਸਮਾਂ ਹੀ ਪੂਰੀਆਂ ਕੀਤੀਆਂ ਸਨ ਕਿ ਸਤਪਾਲ ਨੇ ਆਪਣੀ ਸ਼ਾਤਿਰ ਚਾਲ ਚੱਲ ਦਿੱਤੀ। ਉਹ ਉਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਵਿਚ ਸੰਨ੍ਹ ਲਗਾਉਂਦੇ ਰਫੂ ਚੱਕਰ ਹੋ ਗਿਆ। ਪੁਲਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ’ਚ ਲਗਾਤਾਰ ਹੋ ਰਹੀਆਂ ਘਟਨਾਵਾਂ ਹੁਣ ਸੁਰੱਖਿਆ ਵਿਚ ਵੱਡੀ ਚੂਕ ਵੱਲ ਇਸ਼ਾਰਾ ਕਰ ਰਹੀਆਂ ਹਨ ਜਾਂ ਫਿਰ ਇਹ ਖਾਕੀ ਦੀ ਵੱਡੀ ਲਾਪਰਵਾਹੀ ਦਾ ਨਤੀਜਾ ਹੈ, ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : 7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ
ਪੁਲਸ ਦੀ ਲਾਪਰਵਾਹੀ ਕਾਰਨ ਭੱਜ ਰਹੇ ਮੁਲਜ਼ਮ
ਹਵਾਲਾਤੀਆਂ ਦੇ ਭੱਜਣ ਦਾ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਹਵਾਲਾਤੀ ਪੁਲਸ ਦੀ ਲਾਪਰਵਾਹੀ ਦਾ ਫਾਇਦਾ ਚੁੱਕ ਕੇ ਭੱਜ ਚੁਕੇ ਹਨ ਪਰ ਫਿਰ ਵੀ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਛੂਟ ਦੇ ਦਿੰਦੇ ਹਨ। ਇਸ ਤੋਂ ਪਹਿਲਾ ਵੀ ਕਈ ਹਵਾਲਾਤੀ ਕਈ ਹਵਾਲਾਤੀ ਪੁਲਸ ਦੀ ਲਾਪਰਵਾਹੀ ਦਾ ਫਾਇਦਾ ਚੁੱਕ ਕੇ ਭੱਜ ਚੁਕੇ ਹਨ ਪਰ ਫਿਰ ਵੀ ਪੁਲਸ ਮੁਲਾਜ਼ਮ ਉਸ ਤੋਂ ਸਬਕ ਨਹੀਂ ਲੈਂਦੇ ਹਨ। ਮੁਲਜ਼ਮਾਂ ਨਾਲ ਮਾਮੂਲੀ ਪੈਸਿਆਂ ਦੀ ਸਾਂਠਗਾਂਠ ਕਾਰਨ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਛੂਟ ਦੇ ਦਿੰਦੇ ਹਨ। ਇਸ ਦਾ ਫਾਇਦਾ ਚੁਕ ਕੇ ਮੁਲਜ਼ਮ ਚਕਮਾ ਦੇ ਕੇ ਫਰਾਰ ਹੋ ਜਾਂਦੇ ਹਨ। ਇਥੇ ਦੱਸ ਦੇਈਏ ਕਿ ਪਹਿਲਾ ਹਵਾਲਾਤੀ ਦੇ ਭੱਜਣ ’ਤੇ ਲਾਪਰਵਾਹੀ ਪੁਲਸ ਕਰਮਚਾਰੀ ’ਤੇ ਵੀ ਕੇਸ ਦਰਜ ਹੁੰਦਾ ਸੀ ਪਰ ਅੱਜ ਪੁਲਸ ਮੁਲਾਜ਼ਮ ’ਤੇ ਅਧਿਕਾਰੀ ਮੇਹਰਬਾਨ ਹੋ ਜਾਂਦੇ ਹਨ ਸਿਰਫ ਮੁਲਜ਼ਮ ’ਤੇ ਹੀ ਕੇਸ ਦਰਜ ਹੁੰਦਾ ਹੈ, ਜਿਸ ਕਾਰਨ ਪੁਲਸ ਮੁਲਾਜ਼ਮਾਂ ਦੀ ਲਾਪਰਵਾਹੀ ਵਧਦੀ ਜਾ ਰਹੀ ਹੈ ਅਤੇ ਫਾਇਦਾ ਮੁਲਜ਼ਮਾਂ ਨੂੰ ਮਿਲ ਰਿਹਾ ਹੈ।
