ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪੈਸੇਂਜਰ ਟਰੇਨ ਦੇ ਇੰਜਣ ਦੀ ਹੋਈ ਬ੍ਰੇਕ ਫੇਲ, ਕੰਧ ਨਾਲ ਟਕਰਾਇਆ
Friday, Jan 30, 2026 - 11:34 PM (IST)
ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸ਼ਾਮ ਸਮੇਂ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਪਠਾਨਕੋਟ–ਅੰਮ੍ਰਿਤਸਰ ਪੈਸੇਂਜਰ ਟਰੇਨ ਦੇ ਇੰਜਣ ਦੀ ਬ੍ਰੇਕ ਫੇਲ ਹੋਣ ਕਾਰਨ ਇੰਜਣ ਅੱਗੇ ਬਣੀ ਕੰਧ ਨਾਲ ਟਕਰਾ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਵੀ ਕਿਸਮ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਚੱਲ ਕੇ ਆਉਣ ਵਾਲੀ ਇਹ ਪੈਸੇਂਜਰ ਟਰੇਨ ਸ਼ਾਮ ਸਮੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪਹੁੰਚਦੀ ਹੈ ਅਤੇ ਇਸ ਦਾ ਸਟਾਪੇਜ ਪਲੇਟਫਾਰਮ ਨੰ. 1-ਏ ’ਤੇ ਹੁੰਦਾ ਹੈ, ਜਦੋਂ ਟਰੇਨ ਆਪਣੇ ਨਿਰਧਾਰਿਤ ਸਟਾਪੇਜ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਅਹਿਸਾਸ ਹੋਇਆ ਕਿ ਇੰਜਣ ਦੀਆਂ ਬ੍ਰੇਕਾਂ ਕੰਮ ਨਹੀਂ ਕਰ ਰਹੀਆਂ।
ਚੰਗੀ ਗੱਲ ਇਹ ਰਹੀ ਕਿ ਪਲੇਟਫਾਰਮ ਨੰ. 1-ਏ ’ਤੇ ਪਹਿਲਾਂ ਹੀ ਡੈੱਡ ਐਂਡ ਬਣਾਇਆ ਹੋਇਆ ਸੀ। ਬੇਕਾਬੂ ਹੋਇਆ ਇੰਜਣ ਡੈੱਡ ਐਂਡ ’ਤੇ ਬਣੀ ਦੀਵਾਰ ਨਾਲ ਟਕਰਾ ਕੇ ਰੁਕ ਗਿਆ। ਟਰੇਨ ਦੀ ਰਫ਼ਤਾਰ ਘੱਟ ਹੋਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
