ਫ਼ੌਜ, ਰੇਲਵੇ ਤੇ ਪੁਲਸ ਵਿਭਾਗ ’ਚ ‘ਪੱਕੀ ਨੌਕਰੀ’ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲਾ ਗਿਰੋਹ ‘ਬੇਲਗਾਮ’
Wednesday, Jan 28, 2026 - 11:36 PM (IST)
ਅੰਮ੍ਰਿਤਸਰ (ਸਰਬਜੀਤ) - ਮਹਾਂਨਗਰ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਅਜਿਹਾ ਗਿਰੋਹ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਸ, ਭਾਰਤੀ ਫ਼ੌਜ ਅਤੇ ਰੇਲਵੇ ਿਵਭਾਗ ਵਿਚ ਭਰਤੀ ਕਰਵਾਉਣ ਤੋਂ ਇਲਾਵਾ ਪਟਵਾਰੀਆਂ ਅਤੇ ਹੋਰ ਕਈ ਸਰਕਾਰੀ ਕੰਮਾਂ ਦਾ ਝਾਂਸਾ ਦੇ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ’ਤੇ ਡਾਕਾ ਮਾਰ ਰਿਹਾ ਹੈ। ਪਿਛਲੇ ਕੁਝ ਸਾਲਾ ਵਿਚ ਸਾਹਮਣੇ ਆਈਆਂ ਜਾਣਕਾਰੀਆਂ ਅਨੁਸਾਰ ਇਹ ਠੱਗ ਗਿਰੋਹ ਇੰਨਾ ਸ਼ਾਤਿਰ ਹੈ ਕਿ ਨੌਜਵਾਨਾਂ ਨੂੰ ਰੇਲਵੇ ਦੇ ਇਮਤਿਹਾਨ ਦੇਣ ਲਈ ਫਰਜ਼ੀ ਨਿਯੁਕਤੀ ਪੱਤਰ ਤੱਕ ਜਾਰੀ ਕਰ ਰਿਹਾ ਹੈ।
ਕਿਵੇਂ ਚੱਲ ਰਿਹਾ ਹੈ ਠੱਗੀ ਦਾ ਇਹ ਖੇਡ?
ਜਾਣਕਾਰੀ ਅਨੁਸਾਰ ਇਹ ਗਿਰੋਹ ਪਿੰਡਾਂ ਅਤੇ ਕਸਬਿਆਂ ਤੋਂ ਇਲਾਵਾ ਸ਼ਹਿਰ ਦੇ ਕਈ ਪੜ੍ਹੇ ਲਿਖੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਜੋ ਦੇਸ਼ ਦੀ ਸੇਵਾ ਲਈ ਵਰਦੀ ਪਾਉਣ ਦਾ ਸੁਪਨਾ ਦੇਖਦੇ ਹਨ। ਠੱਗ ਪਹਿਲਾਂ ਨੌਜਵਾਨਾਂ ਨਾਲ ਸੰਪਰਕ ਕਰਦੇ ਹਨ ਅਤੇ ਫਿਰ ਉੱਚ ਅਧਿਕਾਰੀਆਂ ਨਾਲ ਆਪਣੀ ਜਾਣ-ਪਛਾਣ ਹੋਣ ਦਾ ਦਾਅਵਾ ਕਰਦੇ ਹਨ। ਸ਼ੁਰੂਆਤੀ ਤੌਰ ’ਤੇ ਫਾਈਲ ਚਾਰਜ਼ ਅਤੇ ਮੈਡੀਕਲ ਦੇ ਨਾਂ ’ਤੇ ਪੈਸੇ ਲਏ ਜਾਂਦੇ ਹਨ ਅਤੇ ਬਾਅਦ ਵਿਚ ‘ਪੱਕੀ ਨੌਕਰੀ’ ਦੇ ਨਾਂ ’ਤੇ 5 ਤੋਂ 20 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾਂਦੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਠੱਗ ਗਿਰੋਹ ਚੰਡੀਗੜ੍ਹ ਵਰਗੇ ਸ਼ਹਿਰ ਤੋਂ ਇਲਾਵਾ ਦਿੱਲੀ ਵਿੱਚ ਵੀ ਕਿਸੇ ਨਾ ਕਿਸੇ ਨਾਲ ਇੰਨਾਂ ਲੋਕਾਂ ਨੂੰ ਿਮਲਾ ਕੇ ਅਜਿਹਾ ਭਰੋਸਾ ਦੇ ਕੇ ਪੂਰੀ ਤਰ੍ਹਾਂ ਨਾਲ ਜਤਾ ਲੈਂਦੇ ਹਨ ਅਤੇ ਬਣਦੀ ਰਕਮ ਅਨੁਸਾਰ 5 ਤੋਂ 7 ਲੱਖ ਰੁਪਏ ਹੱਥ ’ਤੇ ਹੱਥ ਮਾਰ ਕੇ ਬਟੋਰ ਜਾਂਦੇ ਹਨ।
ਫਰਜ਼ੀ ਵੈੱਬਸਾਈਟਾਂ ਅਤੇ ਦਸਤਾਵੇਜ਼ਾਂ ਦੀ ਵਰਤੋਂ
ਇਸ ਗਿਰੋਹ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਇਹ ਬਿਲਕੁਲ ਅਸਲੀ ਦਿਖਣ ਵਾਲੇ ਫਰਜ਼ੀ ਦਸਤਾਵੇਜ਼ ਤਿਆਰ ਕਰਦੇ ਹਨ। ਇਨ੍ਹਾਂ ਨੇ ਰੇਲਵੇ ਅਤੇ ਫ਼ੌਜ ਦੀਆਂ ਫਰਜ਼ੀ ਵੈੱਬਸਾਈਟਾਂ ਵੀ ਬਣਾਈਆਂ ਹੋਈਆਂ ਹਨ, ਜਿੱਥੇ ਨੌਜਵਾਨਾਂ ਨੂੰ ਉਨ੍ਹਾਂ ਦੇ ਨਾਂ ਲਿਸਟ ਵਿਚ ਦਿਖਾ ਕੇ ਗੁੰਮਰਾਹ ਕੀਤਾ ਜਾਂਦਾ ਹੈ। ਕਈ ਮਾਮਲਿਆਂ ਵਿਚ ਤਾਂ ਨੌਜਵਾਨਾਂ ਨੂੰ ਫਰਜ਼ੀ ਸਿਖਲਾਈ ਦੇ ਨਾਂ ’ਤੇ ਕੁਝ ਦਿਨਾਂ ਲਈ ਹੋਰਨਾਂ ਸੂਬਿਆਂ ਵਿਚ ਵੀ ਭੇਜਿਆ ਗਿਆ, ਤਾਂ ਜੋ ਉਨ੍ਹਾਂ ਨੂੰ ਸ਼ੱਕ ਨਾ ਹੋਵੇ।
ਪੁਲਸ ਦੀ ਕਾਰਵਾਈ ਅਤੇ ਪ੍ਰਸ਼ਾਸਨ ਨੂੰ ਅਪੀਲ
ਇਸ ਸਬੰਧੀ ਸ਼ਹਿਰ ਦੇ ਕੁਝ ਰਸੂਖਦਾਰ ਲੋਕਾਂ ਨੇ ਆਪਣਾ ਨਾਮ ਨਾ ਛਪਵਾਉਣ ਦੀ ਸ਼ਰਤ ’ਤੇ ਦੱਸਿਆ ਕਿ ਇੰਨਾਂ ਮਾਮਲਿਆਂ ਨੂੰ ਲੈ ਕੇ ਜ਼ਿਲਾ ਪੁਲਸ ਕੋਲ ਕਈ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ। ਪੀੜਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਪੁਲਸ ਇਸ ਗਿਰੋਹ ਖਿਲਾਫ ‘ਪ੍ਰਹਾਰ’ ਕਰੇ ਅਤੇ ਮੁੱਖ ਸਰਗਨਾਵਾਂ ਨੂੰ ਜਲਦ ਗ੍ਰਿਫ਼ਤਾਰ ਕਰੇ। ਲੋਕਾਂ ਦਾ ਕਹਿਣਾ ਹੈ ਕਿ ਭਰਤੀ ਕੇਂਦਰਾਂ ਅਤੇ ਅਕੈਡਮੀਆਂ ਦੇ ਬਾਹਰ ਸਾਦੇ ਕੱਪੜਿਆਂ ਵਿਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖੀ ਜਾ ਸਕੇ। ਹੁਣ ਦੇਖਣਾ ਿੲਹ ਹੋਵੇਗਾ ਕ ਆਉਣ ਵਾਲੇ ਸਮੇਂ ਵਿਚ ਪੁਲਸ ਪ੍ਰਸਾਸ਼ਨ ਅਜਿਹੇ ਠੱਗ ਿਗਰੋਹਾਂ ਖਿਲਾਫ ਕਾਰਵਾਈ ਕਰਦਾ ਹੈ ਜਾ ਨਹੀਂ?
ਸਾਵਧਾਨੀਆਂ ਜੋ ਤੁਹਾਨੂੰ ਬਚਾ ਸਕਦੀਆਂ ਹਨ
ਕੋਈ ਰਿਸ਼ਵਤ ਨਹੀਂ : ਫ਼ੌਜ, ਪੁਲਸ ਜਾਂ ਰੇਲਵੇ ਵਿਚ ਭਰਤੀ ਪੂਰੀ ਤਰ੍ਹਾਂ ਮੈਰਿਟ ਅਤੇ ਸਰੀਰਕ ਪ੍ਰੀਖਿਆ ਦੇ ਆਧਾਰ ’ਤੇ ਹੁੰਦੀ ਹੈ। ਕੋਈ ਵੀ ਅਧਿਕਾਰੀ ਪੈਸੇ ਲੈ ਕੇ ਨੌਕਰੀ ਨਹੀਂ ਦੇ ਸਕਦਾ।
ਅਧਿਕਾਰਤ ਵੈੱਬਸਾਈਟ : ਕਿਸੇ ਵੀ ਭਰਤੀ ਦੀ ਜਾਣਕਾਰੀ ਲਈ ਸਿਰਫ਼ ਵਿਭਾਗ ਦੀ ਅਸਲੀ ਵੈੱਬਸਾਈਟ ਦੀ ਵਰਤੋਂ ਕਰੋ। ਇਕ ਗ਼ਲਤ ਲਿੰਕ ਤੁਹਾਡੀ ਜਾਣਕਾਰੀ ਅਤੇ ਪੈਸੇ ਚੋਰੀ ਕਰ ਸਕਦਾ ਹੈ।
ਫਰਜ਼ੀ ਨਿਯੁਕਤੀ ਪੱਤਰ : ਠੱਗ ਅਕਸਰ ਜਾਅਲੀ ਮੋਹਰਾਂ ਵਾਲੇ ਪੱਤਰ ਦਿਖਾਉਂਦੇ ਹਨ। ਇਨ੍ਹਾਂ ਦੀ ਸੱਚਾਈ ਸਬੰਧਤ ਵਿਭਾਗ ਜਾਂ ਜ਼ਿਲਾ ਹੈੱਡਕੁਆਰਟਰ ਤੋਂ ਜ਼ਰੂਰ ਚੈੱਕ ਕਰੋ।
ਤੁਰੰਤ ਸੂਚਨਾ : ਜੇਕਰ ਕੋਈ ਤੁਹਾਨੂੰ ਨੌਕਰੀ ਦਾ ਲਾਲਚ ਦੇ ਕੇ ਪੈਸੇ ਮੰਗਦਾ ਹੈ, ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰੋ। ਤੁਹਾਡੀ ਇਕ ਸ਼ਿਕਾਇਤ ਕਈ ਹੋਰਾਂ ਦਾ ਭਵਿੱਖ ਬਚਾ ਸਕਦੀ ਹੈ।
