ਰੇਲਵੇ ਕੁਆਟਰ ’ਚ ਲੁੱਟ ਦੀ ਨੀਅਤ ਨਾਲ ਔਰਤ ਦਾ ਕਤਲ

Tuesday, Aug 06, 2024 - 03:48 PM (IST)

ਰੇਲਵੇ ਕੁਆਟਰ ’ਚ ਲੁੱਟ ਦੀ ਨੀਅਤ ਨਾਲ ਔਰਤ ਦਾ ਕਤਲ

ਫਿਰੋਜ਼ਪੁਰ (ਮਲਹੋਤਰਾ) : ਡੀ. ਆਰ. ਐੱਮ. ਦਫਤਰ ਦੇ ਸਾਹਮਣੇ ਸਥਿਤ ਰੇਲਵੇ ਕੁਆਟਰਾਂ ਵਿਚ ਇਕ ਬਜ਼ੁਰਗ ਔਰਤ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਰਣਜੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਬਿਆਨ ਦੇ ਦੱਸਿਆ ਕਿ ਸੋਮਵਾਰ ਦੁਪਹਿਰ ਜਦ ਉਹ ਖਾਣਾ ਲੈ ਕੇ ਆਪਣੇ ਕੁਆਟਰ ਆਇਆ ਤਾਂ ਬਾਹਰ ਦਾ ਤਾਲਾ ਟੁੱਟਿਆ ਹੋਇਆ ਸੀ, ਜਦ ਉਹ ਅੰਦਰ ਗਿਆ ਤਾਂ ਉਸ ਦੀ ਬਜ਼ੁਰਗ ਮਾਂ ਬੈੱਡ ਤੋਂ ਥੱਲੇ ਡਿੱਗੀ ਪਈ ਸੀ ਅਤੇ ਸਿਰ ’ਤੇ ਬੰਨ੍ਹਣ ਵਾਲਾ ਪਰਨਾ ਉਸ ਦੇ ਗਲੇ ’ਚ ਬੰਨਿਆ ਹੋਇਆ ਸੀ। ਉਸ ਨੇ ਤੁਰੰਤ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਥਾਣਾ ਮੁਖੀ ਜਸਵੰਤ ਸਿੰਘ ਦੇ ਅਨੁਸਾਰ ਮੁੱਢਲੀ ਜਾਂਚ ’ਚ ਰਣਜੀਤ ਕੌਰ ਦੀ ਮੌਤ ਗਲਾ ਘੁੱਟਣ ਕਰ ਕੇ ਹੋਈ ਲੱਗ ਰਹੀ ਹੈ, ਘਰ ਦਾ ਸਾਮਾਨ ਵੀ ਖਿਲਰਿਆ ਹੋਇਆ ਸੀ। ਜਿਸ ਤੋਂ ਇਹ ਸ਼ੱਕ ਪੈਂਦਾ ਹੈ ਕਿ ਕਿਸੇ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਬਜ਼ੁਰਗ ਔਰਤ ਦਾ ਕਤਲ ਕੀਤਾ ਹੈ। ਅਣਪਛਾਤੇ ਮੁਲਜ਼ਮ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News