ਹੁਸ਼ਿਆਰਪੁਰ ਵਿਖੇ ਐਕਸਾਈਜ਼ ਵਿਭਾਗ ਦੀ ਰੇਡ, ਹਜ਼ਾਰਾਂ ਲੀਟਰ ਸ਼ਰਾਬ ਤੇ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ
Thursday, Jun 08, 2023 - 04:57 PM (IST)
ਹੁਸ਼ਿਆਰਪੁਰ/ਦਸੂਹਾ (ਝਾਵਰ)- ਦਸੂਹਾ ਦੇ ਮੰਡ ਇਲਾਕੇ ‘ਚ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਦੋਵਾਂ ਵਿਭਾਗਾਂ ਦੀਆਂ ਛਾਪੇਮਾਰੀ ਕਰਨ ਵਾਲੀਆਂ ਟੀਮਾਂ ਵਿੱਚ ਵਿਭਾਗ ਦੇ 100 ਅਧਿਕਾਰੀ ਅਤੇ ਹੋਰ ਕਰਮਚਾਰੀ ਸ਼ਾਮਲ ਸਨ। ਟੀਮ ਵਿਚ ਈ. ਟੀ. ਓ. ਹੁਸ਼ਿਆਰਪੁਰ ਸ਼ੇਖਰ, ਈ. ਟੀ. ਓ. ਗੁਰਦਾਸਪੁਰ ਰਜਿੰਦਰ ਤੰਵਰ, ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ ਅਤੇ ਅਜੈ ਕੁਮਾਰ, ਮਨਦੀਪ ਸਿੰਘ ਅਤੇ ਐਕਸਾਈਜ਼ ਪੁਲਸ ਸ਼ਾਮਲ ਸਨ। ਟੀਮਾਂ ਨੇ ਸਾਂਝਾ ਆਪਰੇਸ਼ਨ ਚਲਾ ਕੇ ਬਿਆਸ ਦਰਿਆ ਅਤੇ ਕਠਾਣਾ ਜੰਗਲ ਦੇ ਕਰੀਬ 7 ਕਿਲੋਮੀਟਰ ਦੇ ਖੇਤਰ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਹਜ਼ਾਰਾਂ ਲੀਟਰ ਸ਼ਰਾਬ-ਲਾਹਣ ਨਸ਼ਟ ਕੀਤਾ ਹੈ। ਆਪਰੇਸ਼ਨ ਦੌਰਾਨ ਟੇਰਕਿਆਣਾ, ਕਿਥਾਨਾਂ, ਵਧਾਈਆਂ, ਧਨੋਆ, ਸੈਦਪੁਰ ਪਿੰਡਾਂ ਵਿਚ ਬਿਆਸ ਦਰਿਆ ਕੰਡੇ ਜੰਗਲ ਵਿਚ 5 ਘੰਟੇ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ 19200 ਕਿਲੋ ਲਾਹਣ, 670 ਲੀਟਰ ਨਾਜਾਇਜ਼ ਸ਼ਰਾਬ, ਇਕ ਕਿਸ਼ਤੀ, 4 ਲੋਹੇ ਦੇ ਢੋਲ, 18 ਪਲਾਸਟਿਕ ਦੇ ਕੈਨ ਬਰਾਮਦ ਹੋਏ।
ਇਹ ਵੀ ਪੜ੍ਹੋ-ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ
ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਵਰੁਣ ਰੂਜ਼ਮ ਦੇ ਹੁਕਮਾਂ ‘ਤੇ ਵਧੀਕ ਕਮਿਸ਼ਨਰ ਆਬਕਾਰੀ ਨਰੇਸ਼ ਦੂਬੇ, ਪਟਿਆਲਾ ਤੋਂ ਈ. ਟੀ. ਓ. ਨਵਜੋਤ ਸਿੰਘ, ਇੰਸਪੈਕਟਰ ਹਰਸਿਮਰਤ ਮੋਹਾਲੀ ਤੋਂ ਡੌਗ ਸਕੁਐਡ ਟੀਮ ਸਮੇਤ ਬੀਤੇ ਦਿਨ ਦਸੂਹਾ ਦੇ ਮੰਡ ਖੇਤਰ ਵਿੱਚ ਪਹੁੰਚੀ। ਬਾਅਦ ਦੁਪਹਿਰ ਐਕਸਾਈਜ਼ ਵਿਭਾਗ ਹੁਸ਼ਿਆਰਪੁਰ ਤੋਂ ਈਟੀਓ ਸ਼ੇਖਰ ਗਰਗ, ਇਲਾਕੇ ਦੀ ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ, ਗੁਰਦਾਸਪੁਰ ਤੋਂ ਰਜਿੰਦਰ ਤੰਵਰ, ਇੰਸਪੈਕਟਰ ਅਜੇ ਕੁਮਾਰ ਨੇ ਟੀਮ ਸਮੇਤ ਮੰਡ ਖੇਤਰ ਵਿੱਚ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਛਾਪਾ ਮਾਰਿਆ। ਪਟਿਆਲਾ ਤੋਂ ਆਏ ਈ. ਟੀ. ਓ. ਨਵਜੋਤ ਸਿੰਘ ਨੇ ਦੱਸਿਆ ਕਿ ਹੁਕਮਾਂ ਅਨੁਸਾਰ ਇਸ ਇਲਾਕੇ ਵਿੱਚ ਨਿਰਧਾਰਤ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਥੋਂ ਬਰਾਮਦ ਹੋਈਆਂ 44 ਤਰਪਾਲਾਂ ਵਿੱਚ ਭਰੀ ਕੁੱਲ 19200 ਕਿਲੋ ਲਾਹਣ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸ਼ਰਾਬ ਦੀਆਂ ਕਈ ਭੱਟੀਆਂ ਬੰਦ ਕਰਵਾਈਆਂ ਗਈਆਂ। ਹੁਸ਼ਿਆਰਪੁਰ ਦੀ ਆਬਕਾਰੀ ਟੀਮ ਨੇ 33 ਤਰਪਾਲਾਂ ‘ਚੋਂ 1700 ਕਿਲੋ ਲਾਹਣ, 320 ਲੀਟਰ ਸ਼ਰਾਬ, 4 ਡਰੰਮ ਇੱਕ ਕਿੱਕਰ ਸਮੇਤ ਬਰਾਮਦ ਕੀਤੇ।
ਗੁਰਦਾਸਪੁਰ ਦੀ ਟੀਮ ਨੇ 2200 ਕਿਲੋ ਲਾਹਣ ਨੂੰ 11 ਤਰਪਾਲਾਂ ਸਮੇਤ ਨਸ਼ਟ ਕਰਕੇ 350 ਲੀਟਰ ਤਿਆਰ ਸ਼ਰਾਬ ਬਰਾਮਦ ਕੀਤੀ ਹੈ। ਜਿਵੇਂ ਹੀ ਟੀਮ ਤਲਾਸ਼ੀ ਮੁਹਿੰਮ ਲਈ ਕਿਸ਼ਤੀਆਂ ਲੈ ਕੇ ਨਦੀ ਦੇ ਨੇੜੇ ਪਹੁੰਚੀ ਤਾਂ ਸ਼ਰਾਬ ਤਸਕਰ ਉਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹੋਏ ਉਥੋਂ ਭੱਜ ਗਏ। ਨਵਜੋਤ ਸਿੰਘ ਅਨੁਸਾਰ ਜਿਸ ਤਰ੍ਹਾਂ ਸ਼ਰਾਬ ਮਾਫ਼ੀਆ ਨੇ ਕਈ ਕਿਲੋਮੀਟਰ ਤੱਕ ਜੰਗਲਾਂ ‘ਚ ਆਪਣੇ ਡੇਰੇ ਬਣਾਏ ਹੋਏ ਹਨ, ਅਜਿਹੇ ‘ਚ ਵਿਭਾਗ ਲਈ ਉਨ੍ਹਾਂ ‘ਤੇ ਆਪਣੀ ਪਕੜ ਕੱਸਣੀ ਮੁਸ਼ਕਿਲ ਜਾਪਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਰਚ ਆਪਰੇਸ਼ਨ ਚਲਦੇ ਰਹਿਣਗੇ ਅਤੇ ਨਾਜਾਇਜ ਸ਼ਰਾਬ ਦੀ ਕਸ਼ੀਦਗੀ ਅਤੇ ਤਸਕਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਮਨੀਲਾ ਤੋਂ ਚੱਲ ਰਿਹਾ ਸੀ ਡਕੈਤੀ ਗੈਂਗ, 8 ਮੈਂਬਰ ਚੜ੍ਹੇ ਪੁਲਸ ਹੱਥੇ, ਹੋਏ ਹੈਰਾਨੀਜਨਕ ਖ਼ੁਲਾਸੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani