ਮਾਣ ਵਾਲੀ ਗੱਲ : ਪੰਜਾਬੀ ਨੌਜਵਾਨ ਨੂੰ ਇਟਲੀ ਦੇ ਰੇਲਵੇ ਵਿਭਾਗ 'ਚ ਮਿਲੀ ਅਹਿਮ ਜ਼ਿੰਮੇਵਾਰੀ
Thursday, Jun 15, 2023 - 09:52 PM (IST)
ਰੋਮ (ਦਲਵੀਰ ਕੈਂਥ, ਟੇਕ ਚੰਦ) : ਇਟਲੀ ਦੇ ਭਾਰਤੀ ਇਟਾਲੀ ਤੇ ਹੋਰ ਦੇਸ਼ਾਂ ਦੇ ਭਾਈਚਾਰਿਆਂ 'ਚ ਵਿੱਦਿਅਕ, ਕਾਰੋਬਾਰ ਤੇ ਸਰਕਾਰੀ ਅਦਾਰਿਆਂ ਵਿੱਚ ਇਕ ਅਧਿਕਾਰੀ ਵਜੋਂ ਵਿਲੱਖਣ ਮੁਕਾਮ ਹਾਸਲ ਕਰਨ ਵਿੱਚ ਮੋਹਰੀ ਹੋਣ ਕਾਰਨ ਭਾਰਤੀ ਭਾਈਚਾਰੇ ਲਈ ਮਾਣ ਦਾ ਸਬੱਬ ਬਣ ਰਹੇ ਹਨ। ਇਸ ਮਾਣ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਪਿੰਡ ਲੜੋਈ ਦੇ ਜੰਮਪਲ ਤੇ ਉੱਤਰੀ ਇਟਲੀ ਦੇ ਫਊਮੈਂ ਵੈਨੇਂਤੋ (ਪੋਰਦੇਨੋਨੇ) ਵਿੱਚ ਰਹਿ ਰਹੇ ਗੁਰਸਿੱਖ ਪਰਿਵਾਰ ਮਾਤਾ ਸੁਰਜੀਤ ਕੌਰ ਤੇ ਪਿਤਾ ਹਰਮਿਲਾਪ ਸਿੰਘ ਦੇ ਪੁੱਤਰ ਰੌਬਿਨਜੀਤ ਸਿੰਘ ਨੇ, ਜਿਸ ਨੇ ਸਖ਼ਤ ਮਿਹਨਤ ਕਰਦਿਆਂ ਆਖਿਰ ਉਹ ਮੁਕਾਮ ਹਾਸਲ ਕਰ ਹੀ ਲਿਆ, ਜਿਸ ਲਈ ਉਹ ਦਿਨ-ਰਾਤ ਇਕ ਕਰ ਰਿਹਾ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦੇਗਾ ਭਾਰਤ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਜਾਣੋ ਇਸ ਦੀ ਖਾਸੀਅਤ
ਆਪਣੇ ਮਾਤਾ-ਪਿਤਾ ਤੇ ਇਟਲੀ 'ਚ ਵਸਦੇ ਭਾਰਤੀ ਭਾਈਚਾਰੇ ਦਾ ਨਾਂ ਉੱਚਾ ਕਰਨ ਵਾਲਾ ਰੌਬਿਨਜੀਤ ਸਿੰਘ ਗੁਰਸਿੱਖ ਨੌਜਵਾਨ ਹੈ, ਜਿਸ ਨੇ ਤਰੈਂਨੋ ਇਟਾਲੀਆ (ਇਟਲੀ) ਦੇ ਰੇਲਵੇ ਵਿਭਾਗ ਦੂਰਸੰਚਾਰ ਵਿਭਾਗ 'ਚ ਆਪਣੀ ਕਾਬਲੀਅਤ ਦੀ ਬਦੌਲਤ ਬੀਤੇ ਦਿਨੀਂ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਅੱਜਕਲ੍ਹ ਰੌਬਿਨਜੀਤ ਇਟਲੀ ਦੇ ਊਧਨੇ ਸ਼ਹਿਰ ਦੇ ਮੁੱਖ ਸਟੇਸ਼ਨ 'ਤੇ ਬਤੌਰ ਸਰਕਾਰੀ ਮੁਲਾਜ਼ਮ ਆਪਣੀ ਭੂਮਿਕਾ ਨਿਭਾ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਉਹ ਬਚਪਨ 'ਚ ਹੀ ਪਰਿਵਾਰ ਨਾਲ ਇਟਲੀ ਆ ਗਿਆ ਸੀ। ਇੱਥੇ ਹੀ ਉਸ ਨੇ ਇਟਾਲੀਅਨ ਭਾਸ਼ਾ ਵਿੱਚ ਪੜ੍ਹਾਈ ਸ਼ੁਰੂ ਕੀਤੀ। ਉਸ ਦਾ ਕਦੇ ਸੁਪਨਾ ਸੀ ਕਿ ਇਸ ਦੇਸ਼ ਵਿੱਚ ਪੜ੍ਹਾਈ 'ਚ ਚੰਗੇ ਨੰਬਰ ਲੈ ਕੇ ਕਾਮਯਾਬੀ ਹਾਸਲ ਕਰਨੀ ਹੈ। ਰੌਬਿਨਜੀਤ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਤੇ ਬਾਅਦ ਵਿੱਚ ਆਪਣੇ ਮਾਤਾ-ਪਿਤਾ ਦਾ ਧੰਨਵਾਦ, ਜਿਨ੍ਹਾਂ ਨੇ ਉਸ ਨੂੰ ਵਧੀਆ ਪੜ੍ਹਾਈ ਕਰਵਾਈ ਤੇ ਹੌਸਲਾ ਦਿੱਤਾ, ਜਿਸ ਦੀ ਬਦੌਲਤ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋ ਸਕਿਆ।
ਇਹ ਵੀ ਪੜ੍ਹੋ : ਚੀਨ ’ਚ ਮਾਲੀਆ ਕਮਾਉਣ ਲਈ ਸਰਕਾਰ ਅਪਣਾ ਰਹੀ ਅਨੋਖੇ ਤਰੀਕੇ, ਤੁਸੀਂ ਵੀ ਜਾਣ ਹੋ ਜਾਓਗੇ ਹੈਰਾਨ
ਰੌਬਿਨਜੀਤ ਸਿੰਘ ਨੇ ਇਟਲੀ 'ਚ ਵਸਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਜ਼ਰੂਰ ਕਰਵਾਉਣ, ਜਿਸ ਨਾਲ ਉਨ੍ਹਾਂ ਦੇ ਬੱਚੇ ਇਸ ਦੇਸ਼ ਵਿੱਚ ਵਧੀਆ ਨੌਕਰੀਆਂ ਹਾਸਲ ਕਰਕੇ ਉਨ੍ਹਾਂ ਦਾ ਤੇ ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕਰ ਸਕਣ, ਜਿਸ ਨਾਲ ਭਵਿੱਖ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਦਾ ਕੱਦ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਪਹਿਲਾਂ ਨਾਲੋਂ ਵੀ ਹੋਰ ਵੱਡਾ ਹੋਵੇਗਾ। ਜ਼ਿਕਰਯੋਗ ਹੈ ਇਟਲੀ 'ਚ ਰਹਿ ਰਹੇ ਭਾਰਤੀ ਜਿਵੇਂ ਹੁਣ ਆਏ ਦਿਨ ਤਰੱਕੀ ਕਰ ਰਹੇ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਭਾਰਤੀ ਭਾਈਚਾਰੇ ਦੇ ਲੋਕ ਉਸ ਮੁਕਾਮ 'ਤੇ ਜ਼ਰੂਰ ਪਹੁੰਚ ਜਾਣਗੇ, ਜਿਸ ਬਾਰੇ ਕਦੇ ਇਨ੍ਹਾਂ ਨੇ ਸੋਚਿਆ ਵੀ ਨਹੀਂ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।