ਪੰਜਾਬੀ ਨੌਜਵਾਨ ਦੀ ਮਲੇਸ਼ੀਆ ''ਚ ਮੌਤ
Tuesday, Oct 23, 2018 - 12:00 AM (IST)
ਨਵਾਂਸ਼ਹਿਰ (ਤ੍ਰਿਪਾਠੀ/ ਔਜਲਾ)- ਕਰੀਬ 19 ਸਾਲ ਦੀ ਉਮਰ ਵਿਚ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ ਗਏ ਜਸਪਾਲ ਸਿੰਘ ਵਾਸੀ ਕਰਿਆਮ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆ ਕੇ. ਸੀ. ਇੰਸਟੀਚਿਉੂਟ 'ਚ ਬਤੌਰ ਸਕਿਓਰਿਟੀ ਗਾਰਡ ਦੀਆਂ ਸੇਵਾਵਾਂ ਨਿਭਾ ਰਹੇ ਗੁਰਮੇਲ ਰਾਮ ਵਾਸੀ ਕਰਿਆਮ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਦੋ ਲੜਕੀਆਂ ਤੇ ਦੋ ਲੜਕੇ ਸਨ। ਇਕ ਸਾਲ ਪਹਿਲਾ ਵੱਡੀ ਲੜਕੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਲੜਕਾ ਜਸਪਾਲ ਸਿੰਘ (32) ਕਰੀਬ 12 ਸਾਲ ਪਹਿਲਾਂ ਮਲੇਸ਼ੀਆਂ ਚਲੇ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਢਿੱਡ 'ਚ ਦਰਦ ਹੋਣ ਕਾਰਨ ਪ੍ਰੇਸ਼ਾਨ ਸੀ, ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਡੈਡੀ ਸਿਹਤ ਖਰਾਬ ਹੈ, ਬਹੁਤ ਮੁਸ਼ਕਲ ਹੈ ਜਿੰਦਗੀ !
ਮ੍ਰਿਤਕ ਦੇ ਪਿਤਾ ਗੁਰਮੇਲ ਰਾਮ ਨੇ ਦੱਸਿਆ ਕਿ ਮਲੇਸ਼ੀਆਂ ਦੇ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਇਕ ਵਾਰ ਉਸ ਦੇ ਪੁੱਤਰ ਦੀ ਉਨ੍ਹਾਂ ਨਾਲ ਗੱਲ ਹੋਈ ਸੀ। ਉਹ ਉਸ ਸਮੇਂ ਇਹ ਕਹਿ ਰਿਹਾ ਸੀ ਕਿ ਡੈਡੀ ਸਿਹਤ ਖਰਾਬ ਹੈ ਬਹੁਤ ਮੁਸ਼ਕਲ ਹੈ ਜ਼ਿੰਦਗੀ। ਪਿਤਾ ਵੱਲੋਂ ਇਹ ਸੁਣ ਕੇ ਆਪਣੇ ਪੁੱਤਰ ਨੂੰ ਵਾਪਸ ਇੰਡੀਆ ਆਉਣ ਲਈ ਕਿਹਾ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਦੇਸ਼ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਉਸ ਕੋਲ ਪੱਕੇ ਤੌਰ 'ਤੇ ਕੰਮ ਵੀ ਨਹੀਂ ਸੀ ਜਿਸ ਨਾਲ ਉਹ ਘਰ ਪੈਸੇ ਭੇਜਣਾ ਤਾਂ ਦੂਰ ਆਪਣਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਕਰਦਾ ਸੀ। ਮ੍ਰਿਤਕ ਦੇ ਪਿਤਾ ਨੇ ਰੋਂਦੇ ਕੁਰਲਾਉਂਦਿਆਂ ਦੱਸਿਆ ਕਿ ਕਰੀਬ 19 ਸਾਲ ਦੀ ਉਮਰ ਵਿਚ ਰੋਜ਼ੀ ਰੋਟੀ ਦੀ ਖਾਤਰ ਆਪਣੇ ਮਾਂ ਪਿਓ ਤੋਂ ਦੂਰ ਹੋਣ ਵਾਲਾ ਵਿਦੇਸ਼ ਗਿਆ ਜਸਪਾਲ ਸਿੰਘ ਮੁੜ ਦੇਸ਼ ਨਹੀਂ ਆ ਸਕਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਸਪਾਲ ਸਿੰਘ ਵਿਦੇਸ਼ ਵਿਚ ਜਿਨ੍ਹਾਂ ਠੇਕੇਦਾਰਾਂ ਨਾਲ ਕੰਮ ਕਰਦਾ ਸੀ ਉਨ੍ਹਾਂ ਦੀ ਸਹਾਇਤਾ ਨਾਲ ਉਸ ਦਾ ਮ੍ਰਿਤਕ ਸਰੀਰ ਹਵਾਈ ਜਹਾਜ਼ ਰਾਹੀ ਬੁੱਧਵਾਰ ਨੂੰ ਅਮ੍ਰਿਤਸਰ ਹਵਾਈ ਅੱਡੇ 'ਤੇ ਵਾਪਸ ਆ ਰਿਹਾ ਹੈ।