ਪੰਜਾਬੀ ਨੌਜਵਾਨ ਦੀ ਇਟਲੀ 'ਚ ਸ਼ੱਕੀ ਹਾਲਾਤ 'ਚ ਮੌਤ

Monday, Feb 24, 2020 - 07:59 PM (IST)

ਮੋਗਾ,(ਗੋਪੀ ਰਾਉਕੇ)-ਪੰਜਾਬ ਦੇ ਮੋਗਾ ਸ਼ਹਿਰ 'ਚ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਦੇ ਇਕ ਨੌਜਵਾਨ ਦੀ ਇਟਲੀ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਤੇ ਨੰਬਰਦਾਰ ਜਸਪ੍ਰੀਤ ਸਿੰਘ ਜੱਸੀ ਵਾਸੀ ਦੀਨਾ ਨੇ ਦੱਸਿਆ ਕਿ 32 ਸਾਲਾ ਹਰਦੀਪ ਸਿੰਘ ਉਰਫ ਲਾਲੀ ਇਟਲੀ ਦੇ ਜ਼ਿਲ੍ਹਾ ਲਤੀਨਾ ਵਿਖੇ ਰਹਿਦਾ ਸੀ, ਜਿਸ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਪਰਿਵਾਰ ਦੀ ਆਰਥਿਕ ਮੰਦਹਾਲੀ ਲਈ ਹਰਦੀਪ ਸਿੰਘ (ਲਾਲੀ) 11 ਸਾਲ ਪਹਿਲਾਂ ਇਟਲੀ 'ਚ ਰੁਜ਼ਗਾਰ ਲਈ ਗਿਆ ਸੀ। ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਇਟਲੀ ਤੋਂ ਮੰਗਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਲਾਸ਼ 10 ਦਿਨਾਂ ਤੱਕ ਪੰਜਾਬ ਆਉਣ ਦੀ ਸੰਭਾਵਨਾ ਹੈ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਬੜੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਆਪਣੀ ਦਰਦਾਂ ਭਰੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ 22 ਫ਼ਰਵਰੀ ਨੂੰ ਉਨ੍ਹਾਂ ਦੇ ਲੜਕੇ ਨੇ ਪੰਜਾਬ ਆਉਣ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਸਨ ਕਿਉਂਕਿ ਉਸ ਨੇ ਦੱਸਿਆ ਸੀ ਕਿ ਉਹ ਇਟਲੀ 'ਚ ਪੱਕਾ ਹੋ ਚੁੱਕਾ ਹੈ ਅਤੇ ਉਸ ਨੇ ਸਿਰਫ਼ ਆਪਣੇ ਪੱਕੇ ਹੋਣ ਦੇ ਪੇਪਰ ਹੀ ਪ੍ਰਾਪਤ ਕਰਨੇ ਹਨ ਤੇ ਫ਼ਿਰ ਉਹ ਤੁਰੰਤ ਪੰਜਾਬ ਪੁੱਜੇਗਾ। ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅੱਗੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਲੜਕੇ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦਾ ਸੱਚ ਸਾਹਮਣੇ ਲਿਆਂਦਾ ਜਾਵੇ।


Related News