ਇਟਲੀ ''ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

Saturday, Nov 23, 2019 - 11:06 PM (IST)

ਇਟਲੀ ''ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

ਜਲੰਧਰ/ਰੋਮ ਇਟਲੀ,(ਕੈਂਥ): ਇਟਲੀ 'ਚ ਚੱਲੇ ਰਹੇ ਖਰਾਬ ਮੌਸਮ ਦੇ ਚੱਲਦਿਆਂ ਲੋਕਾਂ ਦਾ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਖਰਾਬ ਮੌਸਮ ਦੇ ਚੱਲਦਿਆਂ ਹੀ ਸੜਕਾਂ 'ਤੇ ਅਨੇਕਾਂ ਸੜਕ ਹਾਦਸੇ ਹੋ ਰਹੇ ਹਨ। ਇਟਲੀ ਦੇ ਸ਼ਹਿਰ ਬੋਰਗੋ ਵੋਦਿਸ (ਲਾਤੀਨਾ) ਤੇ ਰਾਚੀਨਾ ਨੇੜੇ ਮਿਲੀਆਰਾ 54 ਨੰਬਰ ਰੋਡ 'ਤੇ ਇਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਬੋਰਗੋ ਵੋਦਿਸ ਦੇ ਰੋਡ ਨੰਬਰ 54 ਉਪੱਰ ਆਪੀਆ ਰੋਡ ਲੰਘ ਕੇ ਇਕ ਪੰਜਾਬੀ ਨੌਜਵਾਨ ਪਵਿੱਤਰ ਸਿੰਘ (50) ਨੂੰ ਸ਼ਾਮੀ ਡਿੱਗਿਆ ਪਿਆ ਦੇਖਿਆ ਗਿਆ ਤੇ ਨਾਲ ਹੀ ਉਸ ਦਾ ਸਕੂਟਰ ਪਿਆ ਸੀ। ਆਉਣ-ਜਾਣ ਵਾਲੇ ਰਾਹਗੀਰਾਂ ਨੇ ਘਟਨਾ ਦੇਖਦੇ ਹੀ ਐਂਬੂਲਸ ਤੇ ਪੁਲਸ ਨੂੰ ਫੋਨ ਕਰ ਦਿੱਤਾ।

ਜਦੋਂ ਘਟਨਾ ਸਥਾਨ 'ਤੇ ਡਾਕਟਰਾਂ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਸੜਕ 'ਤੇ ਪਏ ਪਵਿੱਤਰ ਸਿੰਘ ਦੀ ਜਾਂਚ ਕੀਤੀ ਤਾਂ ਪਵਿੱਤਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਪਵਿੱਤਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਚਮਿਆਰਾ ਨਾਲ ਸੰਬਧਤ ਸੀ ਤੇ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ । ਰੋਜ਼ੀ-ਰੋਟੀ ਲਈ ਇਟਲੀ ਆਏ ਪਵਿੱਤਰ ਸਿੰਘ ਜਿਹੜਾ ਕਿ ਖੇਤੀਬਾੜੀ ਦੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ। ਮ੍ਰਿਤਕ ਪਵਿੱਤਰ ਸਿੰਘ ਦੀ ਮੌਤ ਦੇ ਕਾਰਨਾਂ ਦੀ ਇਟਲੀ ਪੁਲਸ ਜਾਂਚ-ਪੜਤਾਲ ਕਰ ਹੀ ਹੈ। ਇਸ ਮੰਦਭਾਗੀ ਘਟਨਾ ਨਾਲ ਇਲਾਕੇ 'ਚ ਸੋਗ ਛਾਇਆ ਹੋਇਆ ਹੈ।


Related News