ਪੰਜਾਬੀ ਦੇ ਨਾਮਵਰ ਨਾਟਕਕਾਰ ਤੇ ਨਾਵਲਕਾਰ ਅਜਮੇਰ ਔਲਖ ਪੰਜ ਤੱਤਾ 'ਚ ਵਿਲੀਨ
Friday, Jun 16, 2017 - 02:35 PM (IST)

ਮਾਨਸਾ (ਮਨੀਸ਼)— ਦੱਬੇ ਕੁਚਲੇ ਲੋਕਾਂ, ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦੇ ਹਿਤੇਸ਼ੀ, ਪੰਜਾਬੀ ਸਾਹਿਤ 'ਚ ਯੁੱਗ ਦੇ ਬਾਬਾ ਬੋਹੜ, ਸਾਹਿਤਕਾਰ ਤੇ ਨਾਟਕਕਾਰ ਪ੍ਰੋ. ਅਜਮੇਰ ਔਲਖ ਪੰਜ ਤੱਤਾ 'ਚ ਵਿਲੀਨ ਹੋ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਮਾਨਸਾ ਦੇ ਰਾਮ ਬਾਗ 'ਚ ਕੀਤਾ ਗਿਆ। ਪ੍ਰੋਫੈਸਰ ਔਲਖ ਦੀ ਇੱਛਾ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੰਧਾ ਦਿੰਦੇ ਹੋਏ ਸਸਕਾਰ ਦੀਆਂ ਸਾਰੀਆਂ ਰਸਮਾਂ ਉਨ੍ਹਾਂ ਦੀ ਧੀ ਨੇ ਹੀ ਪੂਰੀਆਂ ਕੀਤੀਆਂ। ਹਜ਼ਾਰਾਂ ਦੀ ਗਿਣਤੀ 'ਚ ਆਏ ਸਾਹਿਤਕਾਰ, ਸਿਆਸੀ ਆਗੂ, ਪੰਜਾਬੀ ਫਿਲਮ ਜਗਤ ਤੇ ਹੋਰ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਜ਼ਿਕਰਯੋਗ ਹੈ ਕਿ ਪ੍ਰੋ. ਔਲਖ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਸੀ।
ਅਜਮੇਰ ਔਲਖ ਪੰਜਾਬੀ ਸਾਹਿਤ ਤੇ ਨਾਟਕ ਜਗਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਨ। ਉਨ੍ਹਾਂ ਨੂੰ ਸ਼੍ਰੋਮਣੀ ਨਾਟਕਕਾਰ ਸਨਮਾਨ, ਭਾਰਤੀ ਸੰਗੀਤ ਨਾਟਕ ਅਕਾਦਮੀ ਅਵਾਰਡ, ਭਾਰਤੀ ਸਾਹਿਤ ਅਕਾਦਮੀ ਅਵਾਰਡ, ਪੰਜਾਬੀ ਸਾਹਿਤ ਰਤਨ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਜੀ. ਐੱਨ. ਡੀ. ਯੂ. ਤੋਂ ਪੀ. ਐੱਚ. ਡੀ. ਕੀਤੀ ਹੋਈ ਸੀ। 35-40 ਸਾਲ ਤੋਂ ਪੰਜਾਬੀ ਰੰਗਮੰਚ ਦੇ ਲੋਕ, ਨਾਟਕ ਦੇਖਣ ਵਾਲੇ ਮੰਨਦੇ ਹਨ ਕਿ 80 ਦੇ ਦਹਾਕੇ 'ਚ ਪ੍ਰੋ. ਔਲਖ ਦੇ ਲਿਖੇ ਦੋ ਨਾਟਕ ਬੇਗਾਨੇ ਬੋਹੜ ਦੀ ਛਾਂ ਤੇ ਸੱਤ ਬਗਾਨੇ ਤੋਂ ਮਿਲੀ ਪ੍ਰਸਿੱਧੀ ਤੋਂ ਬਾਅਦ ਨਾਟਕ ਨੂੰ ਪਿੰਡ-ਪਿੰਡ, ਘਰ-ਘਰ ਲੈ ਕੇ ਜਾਣ ਵਾਲਿਆਂ 'ਚ ਪ੍ਰੋ. ਔਲਖ ਦਾ ਨਾਂ ਸਭ ਤੋਂ ਉਪਰ ਹੈ। ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਅਜਮੇਰ ਔਲਖ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਨਾਟਕਕਾਰ ਸਨ, ਉਨ੍ਹਾਂ ਦੇ ਇਸ ਤਰ੍ਹਾਂ ਜਾਣ ਨਾਲ ਸਾਹਿਤ ਜਗਤ 'ਚ ਜੋ ਕਮੀ ਹੋਈ ਹੈ ਉਹ ਜਲਦ ਪੂਰੀ ਨਹੀਂ ਹੋਵੇਗੀ।
ਪ੍ਰੋ. ਔਲਖ ਦੀ ਵੱਡੀ ਧੀ ਸਪਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਨਾਟਕ ਦੇ ਜ਼ਰੀਏ ਹਮੇਸ਼ਾ ਦੱਬੇ ਕੁਚਲੇ ਛੋਟੇ ਕਿਸਾਨਾਂ ਦੀ ਗੱਲ ਕੀਤੀ ਹੈ, ਉਨ੍ਹਾਂ ਵਾਂਗ ਅਸੀਂ ਵੀ ਰੰਗਮੰਚ ਦੀ ਸੇਵਾ ਕਰਦੇ ਰਹਾਂਗੇ।