ਮਸ਼ਹੂਰ ਪੰਜਾਬੀ ਗਾਇਕ ''ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼! ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਸੀ Target
Monday, Jan 12, 2026 - 01:24 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਸ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ 'ਤੇ ਹਮਲੇ ਦੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਮੋਗਾ-ਬਰਨਾਲਾ ਬਾਈਪਾਸ ਨੇੜਿਓਂ ਇਕ ਮੌਜੂਦਾ ਸਰਪੰਚ ਸਮੇਤ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲ੍ਹੇ ਅਤੇ ਕਾਰ ਸਮੇਤ ਕਾਬੂ ਕੀਤਾ ਹੈ, ਜੋ ਗਾਇਕ 'ਤੇ ਹਮਲਾ ਕਰਕੇ ਦਬਦਬਾ ਬਣਾਉਣ ਅਤੇ ਫਿਰੌਤੀਆਂ ਵਸੂਲਣ ਦੀ ਫਿਰਾਕ ਵਿਚ ਸਨ।
ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਕਿੰਦਾ (ਮੌਜੂਦਾ ਸਰਪੰਚ ਕੋਟਦੁੰਨਾ), ਬਲਵਿੰਦਰ ਸਿੰਘ ਉਰਫ਼ ਬਿੰਦਰ ਮਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਲ ਵਜੋਂ ਹੋਈ ਹੈ।ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸਿੱਧੂ ਵੱਲੋਂ ਇਕ ਗਾਣੇ ਵਿਚ ਸਰਪੰਚਾਂ ਦਾ ਜ਼ਿਕਰ ਕੀਤੇ ਜਾਣ ਕਾਰਨ ਮੁਲਜ਼ਮ ਬਲਜਿੰਦਰ ਸਿੰਘ ਕਿੰਦਾ ਕਾਫ਼ੀ ਨਾਰਾਜ਼ ਸੀ। ਇਸੇ ਰੰਜਿਸ਼ ਕਾਰਨ ਕਿੰਦਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗਾਇਕ ਨੂੰ ਖੁੱਲ੍ਹੀਆਂ ਧਮਕੀਆਂ ਵੀ ਦਿੱਤੀਆਂ ਸਨ।
ਪੁਲਸ ਅਨੁਸਾਰ ਇਹ ਗਿਰੋਹ ਗੁਲਾਬ ਸਿੱਧੂ 'ਤੇ ਹਮਲਾ ਕਰਕੇ ਇਲਾਕੇ ਵਿਚ ਆਪਣਾ ਖੌਫ਼ ਪੈਦਾ ਕਰਨਾ ਚਾਹੁੰਦਾ ਸੀ, ਤਾਂ ਜੋ ਬਾਅਦ ਵਿਚ ਹੋਰਨਾਂ ਸੈਲੀਬ੍ਰਿਟੀਆਂ ਅਤੇ ਵਪਾਰੀਆਂ ਤੋਂ ਮੋਟੀ ਫਿਰੌਤੀ ਵਸੂਲੀ ਜਾ ਸਕੇ। ਪੁਲਸ ਨੇ ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ 32 ਬੋਰ, ਤਿੰਨ ਜ਼ਿੰਦਾ ਕਾਰਤੂਸ, ਇਕ ਡੰਮੀ ਪਿਸਤੌਲ, ਚਾਰ ਮੋਬਾਈਲ ਫੋਨ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਸਰਪੰਚ ਬਲਜਿੰਦਰ ਸਿੰਘ ਕਿੰਦਾ ਖ਼ਿਲਾਫ਼ ਪਹਿਲਾਂ ਵੀ ਇਰਾਦਾ-ਏ-ਕਤਲ (ਧਾਰਾ 307), ਲੁੱਟ-ਖੋਹ ਅਤੇ ਅਸਲ੍ਹਾ ਐਕਟ ਤਹਿਤ ਲਗਭਗ ਇਕ ਦਰਜਨ ਦੇ ਕਰੀਬ ਗੰਭੀਰ ਮਾਮਲੇ ਦਰਜ ਹਨ। ਇਸੇ ਤਰ੍ਹਾਂ ਦੂਜੇ ਮੁਲਜ਼ਮਾਂ ਖ਼ਿਲਾਫ਼ ਵੀ ਪਹਿਲਾਂ ਕੇਸ ਦਰਜ ਪਾਏ ਗਏ ਹਨ। ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ 'ਜ਼ੀਰੋ ਟੋਲਰੈਂਸ' ਨੀਤੀ ਅਪਣਾਈ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਗਲੇ ਖੁਲਾਸੇ ਕੀਤੇ ਜਾ ਸਕਣ। ਬਰਨਾਲਾ ਪੁਲਸ ਦੀ ਇਸ ਕਾਰਵਾਈ ਨਾਲ ਸੈਲੀਬ੍ਰਿਟੀਆਂ ਅਤੇ ਵਪਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ।
