ਰਾਜਧਾਨੀ ''ਚ ਪੰਜਾਬੀ ਭਾਸ਼ਾ ਦੀ ਬੇਕਦਰੀ ਖਿਲਾਫ ਅਕਾਲੀ ਦਲ ਨੇ ਜਤਾਇਆ ਰੋਸ

07/07/2017 6:43:43 AM

ਚੰਡੀਗੜ੍ਹ  (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਨਾ ਦਿੱਤੇ ਜਾਣ 'ਤੇ ਯੂ. ਟੀ. ਪ੍ਰਸਾਸ਼ਨ 'ਚ ਪੰਜਾਬ ਦੇ ਕੋਟੇ ਨੂੰ ਸਹੀ ਅਨੁਪਾਤ 'ਚ ਲਾਗੂ ਨਾ ਕੀਤੇ ਜਾਣ ਵਿਰੁੱਧ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸ਼ਕ ਵੀ. ਪੀ. ਸਿੰਘ ਬਦਨੌਰ ਕੋਲ ਰੋਸ ਪ੍ਰਗਟ ਕੀਤਾ ਹੈ ।  ਪਾਰਟੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ 'ਚ ਅਕਾਲੀ ਦਲ ਦੇ ਇਕ ਵਫਦ ਨੇ ਰਾਜਪਾਲ ਨੂੰ ਦੱਸਿਆ ਕਿ ਇਸ ਤੱਥ ਦੇ ਬਾਵਜੂਦ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਤ ਕਰਨ ਲਈ ਪੰਜਾਬ ਦੇ ਕਿੰਨੇ ਹੀ ਪਿੰਡਾਂ ਨੂੰ ਉਜਾੜਿਆ ਗਿਆ ਸੀ, ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਨੇ ਦੇ ਕੇ ਇਸ ਨਾਲ ਘੋਰ ਬੇਇਨਸਾਫੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਤੁਰੰਤ ਸੁਧਾਰਿਆ ਜਾਣਾ ਚਾਹੀਦਾ ਹੈ । ਵਫਦ ਦੇ ਮੈਂਬਰਾਂ 'ਚ ਸ਼ਾਮਲ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸ਼ਹਿਰ ਦੇ ਪੰਜਾਬੀ ਕਿਰਦਾਰ ਨੂੰ ਬਦਲਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ । ਇਸ ਦੀ ਸ਼ੁਰੂਆਤ ਪੰਜਾਬੀ 'ਚ ਲਿਖੇ ਸਾਈਨ ਬੋਰਡਾਂ ਨੂੰ ਹਟਾਉਣ ਨਾਲ ਕੀਤੀ ਗਈ ਸੀ । ਹੁਣ ਤਾਂ ਇਹ ਹਾਲ ਹੋ ਚੁੱਕਾ ਹੈ ਕਿ ਚੰਡੀਗੜ੍ਹ ਦੇ ਦਫਤਰਾਂ ਨੇ ਪੰਜਾਬੀ 'ਚ ਪੱਤਰ-ਵਿਹਾਰ ਕਰਨਾ ਵੀ ਬੰਦ ਕਰ ਦਿੱਤਾ ਹੈ।  ਰਾਜਪਾਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਕ ਉੱਚ ਪੱਧਰੀ ਕਮੇਟੀ ਇਨ੍ਹਾਂ ਸਾਰੇ ਮਸਲਿਆਂ ਦੀ ਪੜਤਾਲ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਨੁਮਾਇੰਦਿਆਂ ਨੂੰ ਲੈ ਕੇ ਬਣਾਈ ਇਹ ਕਮੇਟੀ ਜਿਵੇਂ ਹੀ ਆਪਣੀ ਰਿਪੋਰਟ ਦੇਵੇਗੀ, ਨੂੰ ਜ਼ਰੂਰੀ ਕਾਰਵਾਈ ਲਈ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਜਾਵੇਗਾ।


Related News