ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ

Friday, Nov 01, 2019 - 10:54 PM (IST)

ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ

ਗੁਰਾਇਆ, (ਮੁਨੀਸ਼)— ਮਾਂ ਵਲੋਂ ਵਿਦੇਸ਼ ਜਾਣ ਤੋਂ ਰੋਕਣ ਦੇ ਬਾਵਜੂਦ ਆਪਣੇ ਪਰਿਵਾਰ ਦਾ ਕਰਜ਼ਾ ਲਾਉਣ ਤੇ ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਗਏ ਇਕ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਜਿਸ ਦੀ ਮੌਤ ਉਸ ਦੇ ਪਰਿਵਾਰ ਲਈ ਇਕ ਪਹੇਲੀ ਦੀ ਤਰ੍ਹਾਂ ਬਣੀ ਹੋਈ ਹੈ। ਜਿਨ੍ਹਾਂ ਨੂੰ ਆਪਣੇ ਬੱਚੇ ਦੀ ਮੌਤ 'ਤੇ ਯਕੀਨ ਨਹੀਂ ਆ ਰਿਹਾ ਪਰ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਸਾਥੀਆਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਕੰਪਨੀ 'ਚ ਕੰਮ ਦੌਰਾਨ ਫੋਰਕਲਿਫ਼ਟ ਮਸ਼ੀਨ ਹੇਠਾਂ ਆਉਣ ਨਾਲ ਹੋਈ ਦੱਸੀ ਜਾ ਰਹੀ ਹੈ। ਆਪਣੇ ਪੁੱਤਰ ਦੀ ਇਸ ਦਰਦਨਾਕ ਮੌਤ ਤੋਂ ਬੇਖਬਰ ਹੈ।
ਗੁਰਾਇਆ ਦੇ ਪਿੰਡ ਲੁਹਾਰਾ ਦੇ 21 ਸਾਲਾ ਨੌਜਵਾਨ ਸੌਰਵ ਕੁਮਾਰ ਪੁੱਤਰ ਰਾਜ ਕੁਮਾਰ ਦੇ ਵੱਡੇ ਭਰਾ ਸ਼ੰਮੀ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 14 ਮਹੀਨਿਆਂ ਤੋਂ ਦੁਬਈ 'ਚ ਕੰਮ ਕਰਦਾ ਸੀ। ਉਸ ਨੂੰ ਉਸਦੇ ਛੋਟੇ ਭਰਾ ਦੀ ਮੌਤ ਦੀ ਖਬਰ ਜਦ ਮਿਲੀ ਤਾਂ ਉਹ ਵਾਪਸ ਆਪਣੇ ਪਿੰਡ ਆ ਗਿਆ। ਉਨ੍ਹਾਂ ਦੱਸਿਆ ਕਿ ਉਹ 3 ਭਰਾ ਹਨ ਤੇ ਸੌਰਵ ਸਭ ਤੋਂ ਛੋਟਾ ਸੀ। ਜੋ ਕਿ 3 ਮਹੀਨੇ ਪਹਿਲਾਂ 28 ਜੁਲਾਈ ਨੂੰ 1 ਲੱਖ ਰੁਪਏ 'ਚ ਮਲੇਸ਼ੀਆ ਆਦਮਪੁਰ ਦੇ ਏਜੰਟ ਰਾਹੀਂ ਵਿਆਜ 'ਤੇ ਪੈਸੇ ਚੁੱਕ ਕੇ ਗਿਆ ਸੀ, ਜਿਥੇ ਜਾ ਕੇ ਉਹ ਤਾਰਾਂ ਦੀ ਪੈਕਿੰਗ ਦੇ ਕੰਮ 'ਚ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਮਾਤਾ ਦਲਵੀਰ ਕੌਰ ਮਿਡ ਡੇ ਮੀਲ ਵਰਕਰ ਹੈ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਉਨ੍ਹਾਂ ਨੂੰ ਸੌਰਵ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ । ਉਸ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਹੁਣ ਭਾਰਤ ਲਿਆਉਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਤਰ੍ਹਾਂ ਦੇ ਪੇਪਰ ਮਲੇਸ਼ੀਆ 'ਚ ਮੰਗਵਾ ਲਏ ਗਏ ਹਨ ਪਰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਭਰਾ ਦੀ ਲਾਸ਼ ਭਾਰਤ 'ਚ ਲਿਆਉਣ ਦੀ ਕੋਈ ਆਸ ਨਹੀਂ ਦਿਖ ਰਹੀ। ਉਨ੍ਹਾਂ ਕਿਹਾ ਕਿ ਆਪਣੀ ਸਮੱਸਿਆ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਵੀ ਮਿਲ ਚੁੱਕੇ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੇ ਭਰਾ ਦੀ ਲਾਸ਼ ਨੂੰ ਭਾਰਤ ਲਿਆਉਣ 'ਚ ਮਦਦ ਕਰੇ। ਉਨ੍ਹਾਂ ਕਿਹਾ ਕਿ ਸੌਰਵ ਦੀ ਮੌਤ ਬਾਰੇ ਅਜੇ ਤੱਕ ਉਸ ਦੀ ਮਾਤਾ ਨੂੰ ਨਹੀਂ ਦੱਸਿਆ ਹੈ।
 


author

KamalJeet Singh

Content Editor

Related News