ਵੱਡੀ ਖ਼ਬਰ: ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ! ਵਰਕਰਾਂ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਦਿੱਤੀ ਚੇਤਾਵਨੀ

Friday, Jul 17, 2026 - 01:38 PM (IST)

ਵੱਡੀ ਖ਼ਬਰ: ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ! ਵਰਕਰਾਂ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਦਿੱਤੀ ਚੇਤਾਵਨੀ

ਲੁਧਿਆਣਾ (ਅਨਿਲ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੂੰ ਅੱਜ ਟੋਲ ਪਲਾਜ਼ਾ 'ਤੇ ਲੁਧਿਆਣਾ ਤੋਂ ਫਗਵਾੜਾ ਵੱਲ ਜਾਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਵੱਲੋਂ ਪਹਿਲਾਂ ਸ਼ੁਭਮ ਸ਼ਰਮਾ ਨੂੰ ਥਾਣਾ ਲਾਡੋਵਾਲ ਲੈ ਗਈ ਤੇ ਫ਼ਿਰ ਉਨ੍ਹਾਂ ਨੂੰ ਲੁਧਿਆਣਾ ਲਿਜਾਇਆ ਗਿਆ। ਜਿਉਂ ਹੀ ਸ਼ੁਭਮ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਸੂਚਨਾ ਯੂਥ ਕਾਂਗਰਸ ਦੇ ਲੁਧਿਆਣਾ ਪ੍ਰਧਾਨ ਮਨਰਾਜ ਸਿੰਘ ਥੱਕਰਵਾਲ ਤੇ ਹੋਰ ਵਰਕਰਾਂ ਨੂੰ ਮਿਲੀ ਤਾਂ ਉਹ ਭੜਕ ਉੱਠੇ। ਵੱਡੀ ਗਿਣਤੀ ਵਿਚ ਯੂਥ ਕਾਂਗਰਸ ਦੇ ਵਰਕਰ ਥਾਣਾ ਲਾਡੋਵਾਲ ਪਹੁੰਚੇ ਤੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। 

ਯੂਥ ਪ੍ਰਧਾਨ ਮਨਰਾਜ ਸਿੰਘ ਠੱਕਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਥਾਣਾ ਲਾਡੋਵਾਲ ਆ ਕੇ ਪ੍ਰਧਾਨ ਸ਼ੁਭਮ ਸ਼ਰਮਾ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵੱਲੋਂ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਸ਼ੁਭਮ ਸ਼ਰਮਾ ਦੀ ਕੋਈ ਜਾਣਕਾਰੀ ਦਿੱਤੀ ਗਈ। ਪ੍ਰਧਾਨ ਠੱਕਰਵਾਲ ਨੇ ਪੁਲਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 1 ਘੰਟੇ ਦੇ ਅੰਦਰ ਉਨ੍ਹਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਬਾਰੇ ਕੋਈ ਜਾਣਕਾਰੀ ਉਨ੍ਹਾਂ ਨੂੰ ਨਾ ਦਿੱਤੀ ਤਾਂ ਉਹ ਆਪਣੇ ਵਰਕਰਾਂ ਦੇ ਨਾਲ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। 


author

Anmol Tagra

Content Editor

Related News