"ਮੈਨੂੰ ਆਪਣੇ ਗੰਨਮੈਨਾਂ ਤੋਂ ਖ਼ਤਰਾ...!" ਧਰਨੇ ''ਤੇ ਬੈਠਾ ਐਂਟੀ ਖ਼ਾਲਿਸਤਾਨੀ ਫਰੰਟ ਦਾ ਪ੍ਰਧਾਨ

Friday, Jul 31, 2026 - 01:40 PM (IST)

"ਮੈਨੂੰ ਆਪਣੇ ਗੰਨਮੈਨਾਂ ਤੋਂ ਖ਼ਤਰਾ...!" ਧਰਨੇ ''ਤੇ ਬੈਠਾ ਐਂਟੀ ਖ਼ਾਲਿਸਤਾਨੀ ਫਰੰਟ ਦਾ ਪ੍ਰਧਾਨ

ਲੁਧਿਆਣਾ (ਰਾਜ): ਅੰਤਰ-ਰਾਸ਼ਟਰੀ ਐਂਟੀ ਖ਼ਾਲਿਸਤਾਨੀ ਫਰੰਟ ਦੇ ਪ੍ਰਧਾਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਲੁਧਿਆਣਾ ਪੁਲਸ ਲਾਈਨ ਕੈਂਪਸ ਵਿਚ ਪਹੁੰਚ ਕੇ ਹੰਗਾਮਾ ਕੀਤਾ। ਆਪਣਾ ਵਿਰੋਧ ਜਤਾਉਂਦਿਆਂ ਮੰਡ ਲਾਈਨ ਅਫ਼ਸਰ ਦੇ ਦਫ਼ਤਰ ਦੇ ਬਾਹਰ ਹੀ ਧਰਨੇ 'ਤੇ ਬੈਠ ਗਏ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਵਿਚ ਕੋਤਾਹੀ ਵਕਤ ਰਿਹਾ ਹੈ ਤੇ ਜਾਣਬੁੱਝ ਕੇ ਵੱਖਵਾਦੀ ਸੋਚ ਵਾਲੇ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਕਰ ਰਿਹਾ ਹੈ। 

ਧਰਨੇ 'ਤੇ ਬੈਠੇ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਹ ਲਗਾਤਾਰ ਕੱਟੜਪੰਥੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਸੁਰੱਖਿਆ ਅਮਲੇ ਵਿਚ ਅਜਿਹੇ ਪੁਲਸ ਮੁਲਾਜ਼ਮਾਂ ਨੂੰ ਭੇਜਿਆ ਜਾ ਰਿਹਾ ਹੈ, ਜੋ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਹੀ ਗੰਨਮੈਨਾਂ ਤੋਂ ਖ਼ਤਰਾ ਸਤਾਉਂਦਾ ਰਹਿੰਦਾ ਹੈ। ਇਤਿਹਾਸ ਦਾ ਹਵਾਲਾ ਦਿੰਦਿਆਂ ਮੰਡ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਵੱਡੇ ਆਗੂਆਂ ਦਾ ਕਤਲ ਵੀ ਇਸੇ ਤਰ੍ਹਾਂ ਕੱਟੜਪੰਥੀ ਸੋਚ ਰੱਖਣ ਵਾਲੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਹੀ ਕੀਤਾ ਗਿਆ ਸੀ। 

ਗੁਰਸਿਮਰਨ ਸਿੰਘ ਮੰਡ ਨੇ ਦੋਸ਼ ਲਗਾਇਆ ਕਿ ਉਹ ਜਦੋਂ ਵੀ ਅਜਿਹੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਸੁਰੱਖਿਆ ਤੋਂ ਹਟਾਉਣ ਲਈ ਲਾਈਨ ਅਫ਼ਸਰ, ਮੁੰਸ਼ੀ ਜਾਂ ਪੁਲਸ ਕਮਿਸ਼ਨਰ ਦੇ ਰੀਡਰ ਤੋਂ ਸ਼ਿਕਾਇਤ ਕਰਦੇ ਹਨ, ਤਾਂ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਉਲਟਾ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਹੀ ਗਲਤ ਠਹਿਰਾਉਂਦੇ ਹਨ ਤੇ ਗੱਲ ਨੂੰ ਟਾਲ ਦਿੰਦੇ ਹਨ। ਮੰਡ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਤੁਰੰਤ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਤੋਂ ਵੱਖਵਾਦੀ ਸੋਚ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਹਟਾਇਆ ਜਾਵੇ ਤੇ ਉਨ੍ਹਾਂ ਦੀ ਜਗ੍ਹਾ ਹੋਰ ਨਿਰਪੱਖ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। 


author

Anmol Tagra

Content Editor

Related News