ਪੰਜਾਬ ਦੀ ਸਿਆਸਤ ''ਚ ਹਲਚਲ! ਸੀਨੀਅਰ ਲੀਡਰ ਵੱਲੋਂ ਪਾਰਟੀ ਛੱਡਣ ਦਾ ਐਲਾਨ

Monday, Aug 03, 2026 - 01:47 PM (IST)

ਪੰਜਾਬ ਦੀ ਸਿਆਸਤ ''ਚ ਹਲਚਲ! ਸੀਨੀਅਰ ਲੀਡਰ ਵੱਲੋਂ ਪਾਰਟੀ ਛੱਡਣ ਦਾ ਐਲਾਨ

ਲੁਧਿਆਣਾ (ਵਿਸ਼ੇਸ਼)- ਇਕ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਤਹਿਤ ਕੌਮੀ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ 34 ਸਾਲਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਭਾਜਪਾ ਦੀ ਸੇਵਾ ਕਰਨ ਤੋਂ ਬਾਅਦ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਰਾਹੀਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਭੇਜ ਦਿੱਤਾ ਹੈ।

ਆਪਣੇ ‘ਐਕਸ’ ਖਾਤੇ ’ਤੇ ਇਕ ਪੋਸਟ ਵਿਚ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਲਿਖਿਆ ਕਿ ਇਹ ਅਸਤੀਫ਼ਾ ਸਿਰਫ਼ ਇਕ ਸਿਆਸੀ ਪਾਰਟੀ ਨਾਲ ਸਬੰਧ ਤੋੜਨ ਦਾ ਫ਼ੈਸਲਾ ਨਹੀਂ ਹੈ, ਸਗੋਂ ਤਿਆਗ, ਸਮਰਪਣ, ਅਨੁਸ਼ਾਸਨ ਅਤੇ ਅਟੁੱਟ ਵਿਚਾਰਧਾਰਕ ਵਚਨਬੱਧਤਾ ਨਾਲ ਤੈਅ ਕੀਤੇ ਗਏ ਇਕ ਲੰਮੇ ਸਫਰ ਦਾ ਅੰਤ ਹੈ।

ਉਨ੍ਹਾਂ ਕਿਹਾ ਕਿ ਉਹ 1992 ਵਿਚ ਭਾਜਪਾ ’ਚ ਸ਼ਾਮਲ ਹੋਏ ਸਨ। ਉਹ ਉਨ੍ਹਾਂ ਹੀ ਸਮਰਪਿਤ ਵਰਕਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਸਭ ਤੋਂ ਔਖੇ ਸਮੇਂ ਵਿਚ ਵੀ ਪਾਰਟੀ ਦਾ ਸਾਥ ਨਹੀਂ ਛੱਡਿਆ। ਗਰੇਵਾਲ ਨੇ ਕਿਹਾ ਕਿ ਅੱਜ ਦੀ ਪੰਜਾਬ ਭਾਜਪਾ ਉਸ ਪਾਰਟੀ ਤੋਂ ਪੂਰੀ ਤਰ੍ਹਾਂ ਵੱਖਰੀ ਹੋ ਚੁੱਕੀ ਹੈ, ਜਿਸ ਨਾਲ ਉਹ 3 ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਜੁੜੇ ਸਨ। ਇਸ ਕਾਰਨ ਹਜ਼ਾਰਾਂ ਵਫ਼ਾਦਾਰ ਵਰਕਰ ਨਿਰਾਸ਼ ਅਤੇ ਹਤਾਸ਼ ਹੋ ਗਏ ਹਨ। ਪੂਰੇ ਪੰਜਾਬ ਵਿਚ ਅਣਗਿਣਤ ਸਮਰਪਿਤ ਭਾਜਪਾ ਵਰਕਰਾਂ ਨੂੰ ਪਾਰਟੀ ਲਈ ਆਪਣੇ ਜੀਵਨ ਦੇ ਕੀਮਤੀ ਸਾਲ ਸਮਰਪਿਤ ਕਰਨ ਦੇ ਬਾਵਜੂਦ ਚੁੱਪਚਾਪ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣਗਿਣਤ ਗੁੰਮਨਾਮ ਵਰਕਰ ਸੰਗਠਨ ਵਿਚ ਇਕ ਰਹੱਸ ਬਣ ਕੇ ਰਹਿ ਗਏ ਹਨ ਅਤੇ ਦਹਾਕਿਆਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ, ਨਿਸ਼ਠਾ ਅਤੇ ਸਮਰਪਣ ਨੂੰ ਉਹ ਸਤਿਕਾਰ ਅਤੇ ਪਛਾਣ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ।

ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਨਾ ਕਿਸੇ ਨਿੱਜੀ ਲਾਲਸਾ ਦਾ ਨਤੀਜਾ ਹੈ ਅਤੇ ਨਾ ਹੀ ਕਿਸੇ ਅਹੁਦੇ ਜਾਂ ਚੋਣ ਗਿਣਤੀ-ਮਿਣਤੀ ਨਾਲ ਜੁੜਿਆ ਹੋਇਆ ਹੈ। ਇਹ ਫ਼ੈਸਲਾ ਲੰਮੇ ਸਮੇਂ ਤੋਂ ਚੱਲ ਰਹੇ ਡੂੰਘੇ ਦੁੱਖ ਅਤੇ ਜ਼ਖ਼ਮੀ ਜ਼ਮੀਰ ਦੀ ਆਵਾਜ਼ ਦਾ ਨਤੀਜਾ ਹੈ।


author

Anmol Tagra

Content Editor

Related News